ਜੇਕਰ ਤੁਸੀਂ ਆਪਣੀਆਂ ਅਗਲੀਆਂ ਛੁੱਟੀਆਂ ਲਈ ਕਿਸੇ ਕੁਦਰਤੀ ਅਤੇ ਸ਼ਾਂਤ ਜਗ੍ਹਾ ਦੀ ਤਲਾਸ਼ ’ਚ ਹੋ, ਤਾਂ Western Australia ਦੇ ਦੱਖਣੀ ਤੱਟ ‘ਤੇ ਸਥਿਤ Esperance ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ। ਚਿੱਟੀ ਚਮਕਦਾਰ ਰੇਤ ਅਤੇ ਫਿਰੋਜ਼ੀ ਰੰਗ ਦੇ ਸਮੁੰਦਰੀ ਪਾਣੀ ਵਾਲੀ ਇਹ ਜਗ੍ਹਾ ਕਿਸੇ ਸੁੰਦਰ ਪੋਸਟਕਾਰਡ ਵਾਂਗ ਲੱਗਦੀ ਹੈ। ਖਾਸ ਗੱਲ ਇਹ ਹੈ ਕਿ ਇੱਥੋਂ ਦੇ ਬੀਚਾਂ ‘ਤੇ ਅਕਸਰ ਕੰਗਾਰੂ ਵੀ ਘੁੰਮਦੇ ਦਿਖਾਈ ਦਿੰਦੇ ਹਨ।
ਘੁੰਮਣ ਦਾ ਸਭ ਤੋਂ ਵਧੀਆ ਸਮਾਂ
Australia’s Golden Outback ਦੇ ਸੈਰ-ਸਪਾਟਾ ਮਾਹਿਰਾਂ ਅਤੇ ਸਥਾਨਕ ਲੋਕਾਂ ਅਨੁਸਾਰ, Esperance ਜਾਣ ਦਾ ਸਭ ਤੋਂ ਵਧੀਆ ਸਮਾਂ ਪੱਤਝੜ (March ਤੋਂ May) ਦਾ ਹੁੰਦਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਘੱਟ ਜਾਂਦੀਆਂ ਹਨ ਅਤੇ ਮੌਸਮ ਬੇਹੱਦ ਸੁਹਾਵਣਾ ਰਹਿੰਦਾ ਹੈ। ਗਰਮੀਆਂ (December ਤੋਂ February) ’ਚ ਇੱਥੇ ਸਭ ਤੋਂ ਵੱਧ ਭੀੜ ਹੁੰਦੀ ਹੈ। ਜੇਕਰ ਤੁਸੀਂ ਵੇਲ੍ਹ ਮੱਛੀਆਂ ਦੇ ਪ੍ਰਵਾਸ ਨੂੰ ਦੇਖਣਾ ਚਾਹੁੰਦੇ ਹੋ ਤਾਂ ਸਰਦੀਆਂ (June ਤੋਂ August) ’ਚ ਜਾਓ, ਜਦਕਿ ਜੰਗਲੀ ਫੁੱਲਾਂ ਦੀ ਖੂਬਸੂਰਤੀ ਦੇਖਣ ਲਈ ਬਸੰਤ ਰੁੱਤ (August ਤੋਂ November) ਸਭ ਤੋਂ ਉੱਤਮ ਹੈ।
ਕਿਵੇਂ ਪਹੁੰਚੀਏ ਅਤੇ ਕੀ ਕਰੀਏ
Perth ਤੋਂ Esperance ਤੱਕ ਗੱਡੀ ਰਾਹੀਂ ਲਗਭਗ 8 ਘੰਟੇ ਲੱਗਦੇ ਹਨ, ਜਦਕਿ REX ਏਅਰਲਾਈਨ ਰਾਹੀਂ ਸਿਰਫ਼ 90 ਮਿੰਟਾਂ ’ਚ ਪਹੁੰਚਿਆ ਜਾ ਸਕਦਾ ਹੈ। ਇੱਥੋਂ ਦਾ Lucky Bay ਬੀਚ, ਜੋ Cape Le Grand National Park ਦਾ ਹਿੱਸਾ ਹੈ, ਆਪਣੀ ਸਭ ਤੋਂ ਚਿੱਟੀ ਰੇਤ ਲਈ ਦੁਨੀਆ ਭਰ ’ਚ ਮਸ਼ਹੂਰ ਹੈ। ਸੈਲਾਨੀ ਇੱਥੇ Frenchman Peak ‘ਤੇ ਟ੍ਰੈਕਿੰਗ ਕਰ ਸਕਦੇ ਹਨ ਅਤੇ Esperance Island Cruises ਰਾਹੀਂ Recherche Archipelago ਦੇ ਟਾਪੂਆਂ ‘ਤੇ ਸੀ-ਲਾਇਨਜ਼ ਅਤੇ ਡੌਲਫਿਨ ਦੇਖ ਸਕਦੇ ਹਨ। ਇਸ ਤੋਂ ਇਲਾਵਾ ਗੁਲਾਬੀ ਰੰਗ ਦੀ Lake Hillier, Twilight Beach, West Beach ‘ਤੇ ਸਰਫਿੰਗ, Munglinup Beach ‘ਤੇ ਸਨੌਰਕਲਿੰਗ ਅਤੇ 40 ਕਿਲੋਮੀਟਰ ਲੰਬਾ Great Ocean Drive ਇੱਥੋਂ ਦੇ ਮੁੱਖ ਆਕਰਸ਼ਣ ਹਨ। ਖਾਣ-ਪੀਣ ਅਤੇ ਮਨੋਰੰਜਨ ਲਈ Taylor St Quarters, Lucky Bay Brewing, ਨਵੀਂ Esperance Jetty ਅਤੇ Woody Island ਦੀ ਸੈਰ ਵੀ ਜ਼ਰੂਰ ਕਰਨੀ ਚਾਹੀਦੀ ਹੈ।
