ਮੈੱਲਬੌਰਨ : ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ 532ਵਾਂ ਪ੍ਰਕਾਸ਼ ਦਿਹਾੜਾ ਦਲ ਬਾਬਾ ਬਿਧੀ ਚੰਦ ਜੀ ਖ਼ਾਲਸਾ ਛਾਉਣੀ, ਪਲੰਪਟਨ ਵਿਖੇ ਬੜੀ ਸ਼ਰਧਾ, ਸਤਿਕਾਰ ਅਤੇ ਗੁਰਮਤਿ ਮਰਿਆਦਾ ਅਨੁਸਾਰ ਮਨਾਇਆ ਗਿਆ।

ਸਮਾਗਮਾਂ ਦੀ ਆਰੰਭਤਾ 25 ਸਤੰਬਰ 2026 ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਨਾਲ ਹੋਈ, ਜਿਨ੍ਹਾਂ ਦੇ ਭੋਗ 27 ਸਤੰਬਰ ਨੂੰ ਸਵੇਰੇ 10 ਵਜੇ ਪਾਏ ਗਏ। ਇਸ ਉਪਰੰਤ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਰਾਹੀਂ ਸੰਗਤ ਨੂੰ ਗੁਰੂ ਘਰ ਅਤੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਜੀਵਨ, ਉਪਦੇਸ਼ਾਂ ਅਤੇ ਰੂਹਾਨੀ ਵਿਰਾਸਤ ਨਾਲ ਜੋੜਿਆ ਗਿਆ।

ਇਸ ਮੌਕੇ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ੍ਹ ਸਾਹਿਬ ਅਤੇ ਗਿਆਨੀ ਕਵਲਜੀਤ ਸਿੰਘ ਜੀ ਨੇ ਕਥਾ ਦੀ ਹਾਜ਼ਰੀ ਭਰਦਿਆਂ ਸੰਗਤ ਨਾਲ ਗੁਰਮਤਿ ਵਿਚਾਰਾਂ ਅਤੇ ਬਾਬਾ ਸ੍ਰੀ ਚੰਦ ਜੀ ਦੇ ਜੀਵਨ, ਤਿਆਗ, ਭਗਤੀ ਅਤੇ ਰੂਹਾਨੀ ਸੰਦੇਸ਼ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।

ਸਮਾਗਮ ਦੌਰਾਨ ਕਥਾ-ਕੀਰਤਨ, ਅਰਦਾਸ ਅਤੇ ਹੁਕਮਨਾਮੇ ਉਪਰੰਤ ਮਹੱਲਾ ਸਜਾਇਆ ਗਿਆ । ਦਲ ਬਾਬਾ ਬਿਧੀ ਚੰਦ ਜੀ ਖ਼ਾਲਸਾ ਛਾਉਣੀ, ਪਲੰਪਟਨ ਵੱਲੋਂ ਸਮਾਗਮ ਵਿੱਚ ਹਾਜ਼ਰੀ ਭਰਨ ਵਾਲੀਆਂ ਸਮੂਹ ਸੰਗਤਾਂ, ਕਥਾਵਾਚਕਾਂ, ਕੀਰਤਨੀ ਜਥਿਆਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ।

