RBA ਗਵਰਨਰ Michele Bullock ਨੇ ਫਿਰ ਦਿੱਤੇ ਵਿਆਜ ਰੇਟ ’ਚ ਵਾਧੇ ਦੇ ਸੰਕੇਤ

Sea7 Australia Team
3 Min Read
  • ਮਹਿੰਗਾਈ ਅਤੇ ਪ੍ਰਾਪਰਟੀ ਮਾਰਕੀਟ ’ਤੇ ਵੱਡੀ ਚੇਤਾਵਨੀ
  • ਕਿਹਾ, ਮਾਈਗਰੈਂਟ ਵਿਕਾਸ ਲਈ ਜ਼ਿੰਮੇਵਾਰ, ਮਹਿੰਗਾਈ ਦਾ ਕਾਰਨ ਨਹੀਂ

ਮੈੱਲਬਰਨ : ਆਸਟ੍ਰੇਲੀਆ ’ਚ ਵਿਆਜ ਰੇਟ ’ਚ ਮੁੜ ਵਾਧੇ ਦੇ ਸੰਕੇਤਾਂ ਨਾਲ ਮੌਰਗੇਜ ਹੋਲਡਰਾਂ ਅਤੇ ਪ੍ਰਾਪਰਟੀ ਇਨਵੈਸਟਰਜ਼ ਦੀਆਂ ਚਿੰਤਾਵਾਂ ਵਧ ਗਈਆਂ ਹਨ। Reserve Bank of Australia (RBA) ਦੀ ਗਵਰਨਰ Michele Bullock ਨੇ ਸਿਡਨੀ ’ਚ CEDA ਦੇ ਇੱਕ ਸਮਾਗਮ ਦੌਰਾਨ ਸਪੱਸ਼ਟ ਕੀਤਾ ਕਿ ਕੇਂਦਰੀ ਬੈਂਕ ਘਰਾਂ ਦੀਆਂ ਡਿੱਗ ਰਹੀਆਂ ਕੀਮਤਾਂ ਨੂੰ ਰੋਕਣ ਲਈ ਨੀਤੀਆਂ ’ਚ ਬਦਲਾਅ ਨਹੀਂ ਕਰੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ RBA ਦਾ ਉਦੇਸ਼ ਪ੍ਰਾਪਰਟੀ ਦੀਆਂ ਕੀਮਤਾਂ ਨੂੰ ਸੰਭਾਲਣਾ ਨਹੀਂ, ਸਗੋਂ ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਨੱਥ ਪਾਉਣਾ ਹੈ ਕਿਉਂਕਿ ਲੇਬਰ ਮਾਰਕੀਟ ਅਜੇ ਵੀ ਲੋੜ ਨਾਲੋਂ ਵੱਧ ਤੰਗ ਹੈ।

ਆਉਣ ਵਾਲੀ ਬੋਰਡ ਮੀਟਿੰਗ ਦੌਰਾਨ ਵਿਆਜ ਰੇਟ ’ਚ ਵਾਧਾ ਹੋਣ ਦੀ ਸੰਭਾਵਨਾ ਬਹੁਤ ਮਜ਼ਬੂਤ ਹੈ, ਜਿਸ ਨਾਲ ਨਕਦ ਦਰ ਵਧ ਕੇ 4.60 ਫ਼ੀਸਦੀ ਜਾਂ ਇਸ ਤੋਂ ਵੀ ਉੱਪਰ ਜਾ ਸਕਦੀ ਹੈ। ਇਸ ਦੌਰਾਨ ਪ੍ਰਮੁੱਖ ਬੈਂਕਾਂ, Commonwealth Bank, Westpac, NAB ਅਤੇ ANZ, ਨੇ ਪਹਿਲਾਂ ਹੀ ਆਪਣੀਆਂ ਫਿਕਸਡ ਮੌਰਗੇਜ ਰੇਟ ਵਧਾ ਦਿੱਤੇ ਹਨ। ਪ੍ਰਾਪਰਟੀ ਮਾਰਕੀਟ ’ਚ ਆਈ ਗਿਰਾਵਟ ਬਾਰੇ ਚਿਤਾਵਨੀ ਦਿੰਦਿਆਂ AMP ਦੇ ਮੁੱਖ ਅਰਥ ਸ਼ਾਸਤਰੀ Shane Oliver ਨੇ ਕਿਹਾ ਕਿ ਇਹ ਮੰਦੀ ਤਾਂ ਸਿਰਫ਼ ਸ਼ੁਰੂਆਤ ਹੈ ਅਤੇ ਕੀਮਤਾਂ ’ਚ ਅੱਗੇ ਹੋਰ ਵੱਡੀ ਗਿਰਾਵਟ ਦੇਖਣ ਨੂੰ ਮਿਲੇਗੀ।

Michele Bullock ਨੇ ਇਸ ਧਾਰਨਾ ਨੂੰ ਨਕਾਰਿਆ ਕਿ ਵਿਆਜ ਰੇਟ ਵਧਣ ਕਾਰਨ ਮਹਿੰਗਾਈ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਗਲੋਬਲ ਸਪਲਾਈ ਝਟਕੇ ਅਤੇ ਫ਼ਿਊਲ ਦੀਆਂ ਕੀਮਤਾਂ ਮਹਿੰਗਾਈ ਦੇ ਅਸਲ ਕਾਰਨ ਹਨ। ਇਸ ਤੋਂ ਇਲਾਵਾ, ਆਰਟੀਫਿਸ਼ੀਅਲ ਇੰਟੈਲੀਜੈਂਸ (AI) ਬਾਰੇ ਗੱਲ ਕਰਦਿਆਂ ਉਨ੍ਹਾਂ ਚੇਤਾਵਨੀ ਦਿੱਤੀ ਕਿ ਭਾਵੇਂ ਲੰਬੇ ਸਮੇਂ ’ਚ AI ਉਤਪਾਦਕਤਾ ਸੁਧਾਰਨ ਦਾ ਸਾਧਨ ਬਣ ਸਕਦੀ ਹੈ, ਪਰ ਮੌਜੂਦਾ ਸਮੇਂ ਡਾਟਾ ਸੈਂਟਰਾਂ ਦਾ ਬੁਨਿਆਦੀ ਢਾਂਚਾ ਵਾਧੂ ਮੰਗ ਪੈਦਾ ਕਰ ਕੇ ਮਹਿੰਗਾਈ ’ਤੇ ਦਬਾਅ ਵਧਾ ਰਿਹਾ ਹੈ ਅਤੇ ਵਿੱਤੀ ਬਾਜ਼ਾਰ ’ਚ ਬੁਲਬੁਲਾ ਬਣਨ ਦਾ ਖ਼ਤਰਾ ਵੀ ਪੈਦਾ ਕਰ ਰਿਹਾ ਹੈ।

‘ਮਾਈਗਰੇਸ਼ਨ ਆਰਥਿਕ ਵਿਕਾਸ ਲਈ ਜ਼ਿੰਮੇਵਾਰ ਹੈ, ਮਹਿੰਗਾਈ ਲਈ ਨਹੀਂ’

Reserve Bank ਦੀ ਗਵਰਨਰ ਨੇ ਇਹ ਵੀ ਕਿਹਾ ਕਿ ਮਾਈਗਰੇਸ਼ਨ ਆਸਟ੍ਰੇਲੀਆ ਦੇ ਆਰਥਿਕ ਵਿਕਾਸ ਨੂੰ ਸਹਾਰਾ ਦੇ ਰਿਹਾ ਹੈ ਨਾ ਕਿ ਮਹਿੰਗਾਈ ਵਧਾ ਰਿਹਾ ਹੈ। Bullock ਨੇ ਕਿਹਾ ਉਨ੍ਹਾਂ ਕਿਹਾ ਕਿ ਹਾਊਸਿੰਗ ਮਾਰਕੀਟ ਇਸ ਦਾ ਇੱਕ ਅਪਵਾਦ ਹੈ, ਕਿਉਂਕਿ ਨਵੇਂ ਮਾਈਗਰੈਂਟਸ ਤੁਰੰਤ ਨਵੇਂ ਘਰਾਂ ਦੀ ਸਪਲਾਈ ਪੈਦਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ, ‘‘ਜਿੱਥੇ ਇਸ ਦਾ ਅਸਲ ਅਸਰ ਪੈਂਦਾ ਹੈ ਉਹ ਹਾਊਸਿੰਗ ਮਾਰਕੀਟ ਹੈ, ਕਿਉਂਕਿ ਹਾਊਸਿੰਗ ਮਾਰਕੀਟ ਤੁਰੰਤ ਹੁੰਗਾਰਾ ਨਹੀਂ ਭਰ ਸਕਦੀ… ਇਹੀ ਉਹ ਖੇਤਰ ਹੈ ਜਿੱਥੇ ਤੁਹਾਨੂੰ ਦਬਾਅ ਵਧਦਾ ਦਿਖਾਈ ਦਿੰਦਾ ਹੈ।’’

Share This Article
Leave a Comment

Leave a Reply

Your email address will not be published. Required fields are marked *