ਫਿਜੀ ਵਿੱਚ ਆਸਟ੍ਰੇਲੀਅਨ ਮੈਨੇਜਰ Jason Rigby ਦੀ ਮੌਤ ਦੇ ਕੇਸ ’ਚ ਨਵਾਂ ਖ਼ੁਲਾਸਾ, ਗਰਲਫ੍ਰੈਂਡ Shivani Siwan ਜਾਂਚ ਦੇ ਘੇਰੇ ’ਚ

Sea7 Australia Team
3 Min Read

ਮੈੱਲਬਰਨ : ਫਿਜੀ ਦੇ Nadi Bay ਸਥਿਤ ਕਰਾਊਨ ਪਲਾਜ਼ਾ ਰਿਜ਼ੋਰਟ ’ਚ 40 ਸਾਲ ਦੇ ਆਸਟ੍ਰੇਲੀਅਨ ਹੋਟਲ ਮੈਨੇਜਰ Jason Rigby ਦੀ ਮੌਤ ਦੇ ਮਾਮਲੇ ’ਚ ਇੱਕ ਵੱਡਾ ਖੁਲਾਸਾ ਹੋਇਆ ਹੈ। ਦਸੰਬਰ 2024 ’ਚ ਜੇਸਨ ਦੀ ਲਾਸ਼ ਉਸ ਦੇ ਸਟਾਫ ਕੁਆਰਟਰ ’ਚੋਂ ਮਿਲੀ ਸੀ, ਜਿਸ ਦੇ ਸਰੀਰ ’ਤੇ ਚਾਕੂ ਦੇ ਕਈ ਨਿਸ਼ਾਨ ਸਨ। ਸ਼ੁਰੂਆਤ ’ਚ ਫਿਜੀ ਪੁਲਿਸ ਨੇ ਬਿਨਾਂ ਕਿਸੇ ਡੂੰਘੀ ਜਾਂਚ ਦੇ ਇਸ ਨੂੰ ਖੁਦਕੁਸ਼ੀ ਕਰਾਰ ਦੇ ਕੇ ਫਾਈਲ ਬੰਦ ਕਰ ਦਿੱਤੀ ਸੀ। ਪਰ ਜੇਸਨ ਦੇ ਪਰਿਵਾਰ, ਖਾਸ ਕਰ ਕੇ ਉਸ ਦੀ ਭਾਬੀ Jess, ਨੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਪੱਧਰ ‘ਤੇ ਇਨਸਾਫ਼ ਦੀ ਲੜਾਈ ਸ਼ੁਰੂ ਕੀਤੀ।

60 Minutes Australia ਵੱਲੋਂ ਨਸ਼ਰ ਕੀਤੀ ਵਿਸ਼ੇਸ਼ ਰਿਪੋਰਟ ਅਨੁਸਾਰ ਕਰੀਬ ਦੋ ਸਾਲਾਂ ਦੀ ਲਗਾਤਾਰ ਜਾਂਚ ਤੋਂ ਬਾਅਦ, ਫਿਜੀ ਪੁਲਿਸ ਦੀ ਅਸਿਸਟੈਂਟ ਕਮਿਸ਼ਨਰ Loraini Seru ਨੇ ਪੁਸ਼ਟੀ ਕੀਤੀ ਹੈ ਕਿ Jason ਦੀ ਮੌਤ ਨੂੰ ਹੁਣ ਖੁਦਕੁਸ਼ੀ ਨਹੀਂ ਸਗੋਂ ਕਤਲ ਮੰਨਿਆ ਜਾ ਰਿਹਾ ਹੈ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਵੇਲੇ ਕਮਰੇ ’ਚ ਮੌਜੂਦ ਜੇਸਨ ਦੀ ਗਰਲਫ੍ਰੈਂਡ Shivani Siwan ਨੂੰ ਹੁਣ ਇਸ ਕੇਸ ਵਿੱਚ ਮੁੱਖ ਸ਼ੱਕੀ ਵਜੋਂ ਦੇਖਿਆ ਜਾ ਰਿਹਾ ਹੈ। ਪੁਲਿਸ ਵੱਲੋਂ ਸਬੂਤਾਂ ਦੀ ਫਾਈਲ ਪਬਲਿਕ ਪ੍ਰੋਸੀਕਿਊਟਰ (DPP) ਨੂੰ ਸੌਂਪ ਦਿੱਤੀ ਗਈ ਹੈ ਤਾਂ ਜੋ ਦੋਸ਼ ਤੈਅ ਕੀਤੇ ਜਾ ਸਕਣ। ਜਦੋਂ ਜੇਸਨ ਦੀ ਮੌਤ ਹੋਈ, ਉਸ ਸਮੇਂ ਕਮਰੇ ’ਚ ਹੋਟਲ ਦਾ ਐਗਜ਼ੀਕਿਊਟਿਵ ਸ਼ੈੱਫ ਅਤੇ Jason ਦਾ ਦੋਸਤ Ian Lovie ਵੀ ਮੌਜੂਦ ਸੀ। ਹਾਲਾਂਕਿ ਫਿਲਹਾਲ Ian ਨੂੰ ਸ਼ੱਕੀ ਨਹੀਂ ਮੰਨਿਆ ਗਿਆ, ਪਰ ਉਸ ‘ਤੇ ਜਾਂਚ ਅਜੇ ਵੀ ਜਾਰੀ ਹੈ।

Shivani Siwan

ਸ਼ਿਵਾਨੀ ਨੇ ਦਾਅਵਾ ਕੀਤਾ ਸੀ ਕਿ Jason ਕੰਮ ’ਤੇ ਹੋਏ ਇੱਕ ਕਾਰ ਹਾਦਸੇ ਕਾਰਨ ਡਿਪਰੈਸ਼ਨ ਵਿੱਚ ਸੀ। ਪਰ ਹਾਦਸੇ ਦਾ ਸ਼ਿਕਾਰ ਹੋਏ ਕਰਮਚਾਰੀ Iliasa ਨੇ ਸਾਹਮਣੇ ਆ ਕੇ ਦੱਸਿਆ ਕਿ ਮੌਤ ਵਾਲੀ ਸਵੇਰ Jason ਨਾਲ ਉਸ ਦੀ ਗੱਲਬਾਤ ਹੋਈ ਸੀ ਅਤੇ ਉਹ ਬਿਲਕੁਲ ਸ਼ਾਂਤ ਅਤੇ ਆਮ ਵਾਂਗ ਸੀ। ਇਸ ਤੋਂ ਇਲਾਵਾ, Jess ਨੇ ਹੋਟਲ ’ਚ ਨਸ਼ਿਆਂ ਦੇ ਕਾਰੋਬਾਰ ਦੇ ਸ਼ੱਕ ਅਤੇ ਪੁਲਿਸ ਵੱਲੋਂ ਆਟੋਪਸੀ ਰਿਪੋਰਟ ਗੁੰਮ ਹੋਣ ਵਰਗੀਆਂ ਵੱਡੀਆਂ ਖਾਮੀਆਂ ਦਾ ਵੀ ਪਰਦਾਫਾਸ਼ ਕੀਤਾ। ਆਸਟ੍ਰੇਲੀਅਨ ਪੁਲਿਸ (AFP) ਵੱਲੋਂ Jason ਦੇ ਫੋਨ ਦਾ ਡਾਟਾ ਦੇਣ ’ਚ ਲੱਗ ਰਹੇ ਸਮੇਂ ‘ਤੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ। ਹੁਣ ਪਰਿਵਾਰ ਨੂੰ ਉਮੀਦ ਹੈ ਕਿ ਇਸ ਨਵੇਂ ਮੋੜ ਨਾਲ ਜੇਸਨ ਦੇ ਕਾਤਲਾਂ ਨੂੰ ਜਲਦ ਹੀ ਕਾਨੂੰਨੀ ਸਜ਼ਾ ਮਿਲੇਗੀ।

Share This Article
Leave a Comment

Leave a Reply

Your email address will not be published. Required fields are marked *