ਪਲੰਪਟਨ: ਖਾਲਸਾ ਛਾਉਣੀ ਸਪੋਰਟਸ ਕਲੱਬ ਦਾ ਪੰਜਵਾਂ ਛਿਮਾਹੀ ਸਨਮਾਨ ਸਮਾਰੋਹ ਖਾਲਸਾ ਛਾਉਣੀ ਸਪੋਰਟਸ ਕੰਪਲੈਕਸ ਵਿਖੇ ਕਰਵਾਇਆ ਗਿਆ। ਸ਼ਾਮ ਨੂੰ ਹੋਏ ਇਸ ਵਿਸ਼ੇਸ਼ ਸਮਾਰੋਹ ’ਚ ਵੱਡੀ ਗਿਣਤੀ ਵਿੱਚ ਖਿਡਾਰੀਆਂ, ਮਾਪਿਆਂ, ਕੋਚਾਂ ਅਤੇ ਸਪਾਂਸਰਾਂ ਨੇ ਸ਼ਮੂਲੀਅਤ ਕੀਤੀ।
ਇਸ ਕਲੱਬ ਦੀ ਆਰੰਭਤਾ ਲਗਭਗ ਤਿੰਨ ਸਾਲ ਪਹਿਲਾਂ ਦਲ ਪੰਥ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਬਾਰ੍ਹਵੇਂ ਜਾਨਸ਼ੀਨ ਅਤੇ ਮੌਜੂਦਾ ਮੁਖੀ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਨੇ ਆਪਣੀ ਆਸਟ੍ਰੇਲੀਆ ਫੇਰੀ ਦੌਰਾਨ ਕਰਵਾਈ ਸੀ। ਉਸ ਸਮੇਂ ਤੋਂ ਇਹ ਕਲੱਬ ਖੇਡਾਂ ਰਾਹੀਂ ਭਾਈਚਾਰੇ ਦੇ ਬੱਚਿਆਂ ਅਤੇ ਨੌਜਵਾਨਾਂ ਦੇ ਵਿਕਾਸ ਅਤੇ ਚੰਗੀ ਸਾਂਭ-ਸੰਭਾਲ ’ਚ ਯੋਗਦਾਨ ਪਾ ਰਿਹਾ ਹੈ।
ਸਮਾਰੋਹ ਦੌਰਾਨ ਸੀਜ਼ਨ ਦੀ ਸਮਾਪਤੀ ਮੌਕੇ ਖਿਡਾਰੀਆਂ ਨੂੰ ਟਰਾਫ਼ੀਆਂ ਅਤੇ ਸਨਮਾਨ ਦਿੱਤੇ ਗਏ। ਮਾਪਿਆਂ ਨਾਲ ਕਲੱਬ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ ਗਈਆਂ। ਪਿਛਲੇ ਸੀਜ਼ਨ ਦੀਆਂ 15 ਟੀਮਾਂ ਦੇ ਮੁਕਾਬਲੇ ਨਵੇਂ ਸੀਜ਼ਨ ਲਈ 18 ਟੀਮਾਂ ਬਣਨ ’ਤੇ ਖਿਡਾਰੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ।
ਇਸ ਮੌਕੇ ਪਲੈਟੀਨਮ ਸਪਾਂਸਰ ਔਜ਼ੀ ਵਾਟਰ ਫਿਲਟਰੇਸ਼ਨ ਵੱਲੋਂ ਰਘਬੀਰ ਸਿੰਘ ਨੇ ਹਾਜ਼ਰੀ ਭਰੀ। ਡਾਇਮੰਡ ਸਪਾਂਸਰ ਸਿੰਘ ਰੂਫਿੰਗ ਸਪਲਾਈਜ਼ ਵੱਲੋਂ ਸੁਰਜੀਤ ਸਿੰਘ ਜੋਸਨ ਅਤੇ ਲਖਵਿੰਦਰ ਸਿੰਘ ਜੀ ਸਮਾਰੋਹ ’ਚ ਸ਼ਾਮਲ ਹੋਏ। ਮੈਲਟਨ ਟੋਯੋਟਾ ਦੇ ਮੈਨੇਜਰ ਰੇਅ ਪੀਅਰਸਨ ਵੀ ਆਪਣੀ ਟੀਮ ਨਾਲ ਪਹੁੰਚੇ। ਉਨ੍ਹਾਂ ਨੇ ਕਲੱਬ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਿੱਤਾ। ਹੋਰ ਸਪਾਂਸਰਾਂ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਕਲੱਬ ਵੱਲੋਂ ਸਪਾਂਸਰਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
ਮਾਪਿਆਂ ਨੂੰ ਕਲੱਬ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਨ੍ਹਾਂ ਵਿੱਚ ਗੁਰਦੁਆਰਾ ਸਾਹਿਬ ਪਲੰਪਟਨ ਵਿਖੇ ਨਵਾਂ ਟਰੈਕ ਐਂਡ ਫੀਲਡ ਕੰਪਲੈਕਸ ਸਥਾਪਿਤ ਕਰਨਾ ਅਤੇ ਕਲੱਬ ਦੀਆਂ ਖੇਡ ਗਤੀਵਿਧੀਆਂ ਦਾ ਵਿਸਥਾਰ ਕਰਨਾ ਸ਼ਾਮਲ ਹੈ।
ਗੁਰਦੁਆਰਾ ਸਾਹਿਬ ਦੇ ਸੇਵਾਦਾਰ ਗਿਆਨੀ ਅਵਤਾਰ ਸਿੰਘ ਜੀ, ਪਰਮਿੰਦਰਪਾਲ ਸਿੰਘ ਢਿੱਲੋਂ ਅਤੇ ਰਾਜਬੀਰ ਸਿੰਘ ਕਾਲਕੱਟ ਨੇ ਖਿਡਾਰੀਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਵਧਾਈ ਦਿੱਤੀ। ਸਮਾਰੋਹ ਦੀ ਸਮਾਪਤੀ ’ਤੇ ਹਾਜ਼ਰੀਨ ਲਈ ਜਲ-ਪਾਣੀ ਦੀ ਸੇਵਾ ਕੀਤੀ ਗਈ। ਇਸ ਮੌਕੇ ਮਾਪਿਆਂ ਅਤੇ ਬੱਚਿਆਂ ਨੂੰ ਨਵੇਂ ਸੀਜ਼ਨ ਦੀ ਆਰੰਭਤਾ ਲਈ ਗੁਰਦੁਆਰਾ ਸਾਹਿਬ ਵਿਖੇ ਹੋਣ ਵਾਲੇ ਵਿਸ਼ੇਸ਼ ਸਮਾਗਮ ਅਤੇ ਅਰਦਾਸ ਬੇਨਤੀ ਦੀ ਨਿਸ਼ਚਿਤ ਤਾਰੀਖ਼ ਬਾਰੇ ਵੀ ਜਾਣੂ ਕਰਵਾਇਆ ਗਿਆ।
ਕਲੱਬ ਦੇ ਰੋਜ਼ਮਰਾ ਕੰਮਕਾਜ ਅਤੇ ਇਸ ਵਿਸ਼ੇਸ਼ ਸਮਾਰੋਹ ਨੂੰ ਸਫਲ ਬਣਾਉਣ ਵਿੱਚ ਆਗਿਆਪਾਲ ਸਿੰਘ ਮਾਨ, ਸੁਖਜਿੰਦਰ ਸਿੰਘ, ਪਰਵਿੰਦਰ ਸਿੰਘ, ਹਰਪੁਨੀਤ ਸਿੰਘ ਥਿੰਦ, ਮਨਪ੍ਰੀਤ ਕੌਰ ਮਾਨ, ਮਨਦੀਪ ਕੌਰ ਅਤੇ ਕਲੱਬ ਦੇ ਭਾਈਚਾਰਕ ਸਾਂਝ ਮੈਨੇਜਰ ਕਮਲਜੀਤ ਸਿੰਘ ਜਲੰਧਰ ਵਾਲਿਆਂ ਦਾ ਵਿਸ਼ੇਸ਼ ਯੋਗਦਾਨ ਰਿਹਾ।
