- ਕੰਮਕਾਜੀ ਥਾਵਾਂ ’ਤੇ ਸੁਰੱਖਿਆ ਯਕੀਨੀ ਬਣਾਉਣ ਦਾ ਸੱਦਾ
ਮੈੱਲਬਰਨ : ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ ਮਰਹੂਮ ਮਨਮੀਤ ਅਲੀਸ਼ੇਰ ਦੀ ਦਸਵੀਂ ਬਰਸੀ ਮੌਕੇ ਵੱਖ-ਵੱਖ ਸਥਾਨਾਂ ‘ਤੇ ਸ਼ਰਧਾਂਜਲੀ ਸਮਾਗਮ ਕਰਵਾਏ ਗਏ। ਪੰਜਾਬੀ ਅਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ, ਯੂਨੀਅਨ ਆਗੂਆਂ, ਸਾਥੀਆਂ ਅਤੇ ਸਰਕਾਰੀ ਨੁਮਾਇੰਦਿਆਂ ਨੇ ਮਨਮੀਤ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਯਾਦ ਨੂੰ ਨਮਨ ਕੀਤਾ। ਇਸ ਦੌਰਾਨ ਪਰਿਵਾਰ ਵੱਲੋਂ ਉਨ੍ਹਾਂ ਦੇ ਵੱਡੇ ਭਰਾ ਅਮਿਤ ਅਲੀਸ਼ੇਰ ਨੇ ਵੀ ਸ਼ਿਰਕਤ ਕੀਤੀ।
ਸਮਾਗਮਾਂ ਦੀ ਸ਼ੁਰੂਆਤ ਸ਼ੇਰਵੁੱਡ ਬੱਸ ਡਿਪੂ ਤੋਂ ਹੋਈ, ਜਿੱਥੇ ਮਨਮੀਤ ਦੀ ਯਾਦ ਵਿੱਚ ਸਥਾਪਤ ਕੀਤੇ ਗਏ ਯਾਦਗਾਰੀ ਬੁੱਤ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਸਹਿਕਰਮੀਆਂ ਅਤੇ ਯੂਨੀਅਨ ਮੈਂਬਰਾਂ ਨੇ ਮਨਮੀਤ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੇ ਸੁਭਾਅ, ਸਮਰਪਣ ਅਤੇ ਯੋਗਦਾਨ ਨੂੰ ਯਾਦ ਕੀਤਾ।
ਬੁਲਾਰਿਆਂ ਨੇ ਇਸ ਮੌਕੇ ਕੰਮਕਾਜੀ ਥਾਵਾਂ ‘ਤੇ ਸੁਰੱਖਿਆ ਮਿਆਰਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹਰ ਕਾਮੇ ਦੀ ਜਾਨ ਅਤੇ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਦੁਖਦਾਈ ਘਟਨਾਵਾਂ ਤੋਂ ਬਚਿਆ ਜਾ ਸਕੇ।
ਇਸ ਤੋਂ ਬਾਅਦ ਮੂਰੂਕਾ ਸਥਿਤ ਲਕਸਵਰਥ ਪਲੇਸ ਵਿਖੇ ਦੂਜਾ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ, ਯੂਨੀਅਨ ਪ੍ਰਤੀਨਿਧੀਆਂ ਅਤੇ ਮੰਤਰੀਆਂ ਨੇ ਹਾਜ਼ਰੀ ਭਰੀ। ਹਾਜ਼ਰੀਨ ਨੇ ਮਨਮੀਤ ਅਲੀਸ਼ੇਰ ਦੀ ਯਾਦ ਨੂੰ ਸਤਿਕਾਰ ਸਹਿਤ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।
ਮਰਹੂਮ ਦੀ ਆਤਮਿਕ ਸ਼ਾਂਤੀ ਲਈ 31 ਅਕਤੂਬਰ ਨੂੰ ਬ੍ਰਿਸਬੇਨ ਦੇ ਇਨਾਲਾ ਸਿੱਖ ਟੈਂਪਲ ਵਿਖੇ ਸੁਖਮਨੀ ਸਾਹਿਬ ਦੇ ਪਾਠ ਅਤੇ ਅਰਦਾਸ ਦਾ ਸਮਾਗਮ ਵੀ ਰੱਖਿਆ ਗਿਆ ਹੈ।
ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਮਨਮੀਤ ਅਲੀਸ਼ੇਰ ਦੀ ਯਾਦ ਸਿਰਫ਼ ਉਨ੍ਹਾਂ ਦੇ ਪਰਿਵਾਰ ਲਈ ਹੀ ਨਹੀਂ, ਸਗੋਂ ਆਸਟ੍ਰੇਲੀਆ ਵੱਸਦੇ ਸਮੂਹ ਪੰਜਾਬੀ ਭਾਈਚਾਰੇ ਲਈ ਵੀ ਪ੍ਰੇਰਣਾ ਅਤੇ ਸਾਂਝੀ ਯਾਦ ਦਾ ਪ੍ਰਤੀਕ ਬਣ ਚੁੱਕੀ ਹੈ। ਉਨ੍ਹਾਂ ਦਾ ਨਾਮ ਭਾਈਚਾਰੇ ਦੇ ਚੇਤਿਆਂ ਵਿੱਚ ਹਮੇਸ਼ਾ ਜ਼ਿੰਦਾ ਰਹੇਗਾ।
