- ਹਰ ਮਹੀਨੇ ਲਗਭਗ 2,00,000 ਵਾਰ ਡਾਊਨਲੋਡ ਕੀਤਾ ਜਾ ਰਹੇ ਨੇ AI-ਅਧਾਰਿਤ ‘nudify’ ਐਪਸ
- eSafety ਆਫ਼ਿਸ ਨੇ ਅੱਠ AI ਸੇਵਾਵਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ
- ਮੁਸ਼ਕਲ ਹੋ ਸਕਦੈ ਅਸਲੀ ਅਤੇ ਨਕਲੀ ’ਚ ਫ਼ਰਕ ਕਰਨਾ
- ਤਕਨਾਲੋਜੀ ਕੰਪਨੀਆਂ ਨੂੰ ਆਪਣੀ ਜ਼ਿੰਮੇਵਾਰੀ ਖੁਦ ਤੈਅ ਕਰਨ ਲਈ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ : Julie Inman Grant
ਮੈੱਲਬਰਨ : ਆਸਟ੍ਰੇਲੀਆ ਦੀ ਆਨਲਾਈਨ ਸੁਰੱਖਿਆ ਨਿਗਰਾਨ ਸੰਸਥਾ ਨੇ AI Deepfake ’ਤੇ ਸਖ਼ਤ ਚੇਤਾਵਨੀ ਦਿੱਤੀ ਹੈ ਅਤੇ ਖੁਲਾਸਾ ਕੀਤਾ ਹੈ ਕਿ ਬੱਚਿਆਂ ਦੇ ਜਿਨਸੀ ਸ਼ੋਸ਼ਣ ਵਾਲੀ ਸਮੱਗਰੀ (CSAM) ਤਿਆਰ ਕਰਨ ਦੇ ਸਮਰੱਥ AI-ਅਧਾਰਿਤ ‘nudify’ ਐਪਸ ਨੂੰ ਆਸਟ੍ਰੇਲੀਆ ’ਚ ਹਰ ਮਹੀਨੇ ਲਗਭਗ 2,00,000 ਵਾਰ ਡਾਊਨਲੋਡ ਕੀਤਾ ਜਾ ਰਿਹਾ ਹੈ। eSafety Commissioner Julie Inman Grant ਨੇ ਮੰਗਲਵਾਰ ਨੂੰ Sydney ’ਚ ਪਾਰਲੀਮੈਂਟਰੀ ਕਮੇਟੀ ‘Joint Select Committee on Artificial Intelligence’ ਦੇ ਸਾਹਮਣੇ ਪੇਸ਼ ਹੁੰਦਿਆਂ ਚੇਤਾਵਨੀ ਦਿੱਤੀ ਕਿ AI ਨੂੰ ਹਥਿਆਰ ਬਣਾ ਕੇ ਆਸਟ੍ਰੇਲੀਅਨ ਸਕੂਲੀ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
Julie Inman Grant ਨੇ ਦੱਸਿਆ ਕਿ ਉਨ੍ਹਾਂ ਦੇ ਆਫ਼ਿਸ ਨੇ ਅਜਿਹੀਆਂ ਅੱਠ AI ਸੇਵਾਵਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। eSafety ਦੀ ਨਵੀਂ ਖੋਜ ਅਨੁਸਾਰ, ਆਸਟ੍ਰੇਲੀਆ ਦੇ ਹਰ ਪੰਜ ਵਿੱਚੋਂ ਇੱਕ ਬੱਚੇ ਨੇ AI ਚੈਟਬੋਟਸ ਨਾਲ ਅਣਉਚਿਤ ਜਾਂ ਨੁਕਸਾਨਦੇਹ ਤਜਰਬੇ ਦਾ ਸਾਹਮਣਾ ਕੀਤਾ ਹੈ, ਜਦਕਿ ਤਿੰਨ ਵਿੱਚੋਂ ਇੱਕ ਬੱਚੇ ਨੇ ਆਪਣੀ ਨਿੱਜੀ ਜਾਣਕਾਰੀ ਇਨ੍ਹਾਂ ਪਲੇਟਫਾਰਮਾਂ ਨਾਲ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ, ਸੰਗਠਿਤ ਅਪਰਾਧੀ ਨੌਜਵਾਨ ਲੜਕਿਆਂ ਨੂੰ ਸੈਕਸਟੌਰਸ਼ਨ (sextortion) ਦੇ ਜਾਲ ’ਚ ਫਸਾਉਣ ਲਈ ਵੌਇਸ ਕਲੋਨਿੰਗ ਅਤੇ ਫੇਸ-ਸਵੈਪਿੰਗ ਤਕਨੀਕ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਨੇ Canada ’ਚ ਸਾਹਮਣੇ ਆਏ ਇੱਕ ਗੰਭੀਰ ਮਾਮਲੇ ਦਾ ਵੀ ਹਵਾਲਾ ਦਿੱਤਾ।
ਕਮਿਸ਼ਨਰ ਨੇ ਚੇਤਾਵਨੀ ਦਿੱਤੀ ਕਿ ਆਸਟ੍ਰੇਲੀਆ ਇੱਕ ਅਜਿਹੇ ਦੌਰ ’ਚ ਪ੍ਰਵੇਸ਼ ਕਰ ਸਕਦਾ ਹੈ ਜਿੱਥੇ ਅਸਲੀ ਅਤੇ ਨਕਲੀ ’ਚ ਫ਼ਰਕ ਕਰਨਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਨੇ ਟੀਚਰਜ਼ ਦੀ ਇੱਕ ਨਕਲੀ ਚੁੰਮਣ ਵਾਲੀ ਵੀਡੀਓ ਦੀ ਉਦਾਹਰਣ ਦਿੰਦੇ ਹੋਏ ਮੌਜੂਦਾ ਕਾਨੂੰਨਾਂ ਦੀਆਂ ਕਮੀਆਂ ਅਤੇ ਚੋਣਾਂ ਦੀ ਨਿਰਪੱਖਤਾ ਨੂੰ ਹੋਣ ਵਾਲੇ ਖ਼ਤਰਿਆਂ ਬਾਰੇ ਵੀ ਚਿੰਤਾ ਪ੍ਰਗਟਾਈ।
Julie Inman Grant ਨੇ ਕਿਹਾ ਕਿ ਤਕਨਾਲੋਜੀ ਕੰਪਨੀਆਂ ਨੂੰ ਆਪਣੀ ਜ਼ਿੰਮੇਵਾਰੀ ਖੁਦ ਤੈਅ ਕਰਨ ਲਈ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ। ਉਨ੍ਹਾਂ ਨੇ ‘Digital Duty of Care’ ਸੁਧਾਰਾਂ ਅਤੇ ਸਖ਼ਤ ਨਿਯਮਾਂ ਦੀ ਮੰਗ ਕੀਤੀ ਤਾਂ ਜੋ ਰੈਗੂਲੇਟਰ AI ਸਿਸਟਮਾਂ ਦੀ ਜਾਂਚ ਕਰ ਸਕਣ ਅਤੇ ਕੰਪਨੀਆਂ ਨਵੇਂ ਉਤਪਾਦ ਲਾਂਚ ਕਰਨ ਤੋਂ ਪਹਿਲਾਂ ਵਰਤੋਂਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।
