ਮਹਾਦੇਵ ਸੱਟੇਬਾਜ਼ੀ ਸਕੈਮ : ਇੰਡੀਆ ’ਚ ਪ੍ਰਾਪਰਟੀ ਫ਼ਰੀਜ਼, ਪਰ ਆਸਟ੍ਰੇਲੀਆ ’ਚ ਲਿਆ 41 ਮਿਲੀਅਨ ਡਾਲਰ ਦਾ ਕਰਜ਼

Sea7 Australia Team
3 Min Read
  • ED ਦੀ ਰੋਕ ਦੇ ਬਾਵਜੂਦ Ebix ਨੇ ਕਰਜ਼ੇ ਲਈ ਆਸਟ੍ਰੇਲੀਅਨ ਬਿਜ਼ਨਸ ਰੱਖਿਆ ਗਿਰਵੀ

ਮੈੱਲਬਰਨ : ਇੰਡੀਆ ਦੇ Enforcement Directorate (ED) ਵੱਲੋਂ ਪ੍ਰਾਪਰਟੀ ’ਤੇ ਲਗਾਈ ਗਈ ਰੋਕ ਦੀ ਸਿੱਧੀ ਉਲੰਘਣਾ ਕਰਦੇ ਹੋਏ, Ebix Inc ਦੀ ਆਸਟ੍ਰੇਲੀਆਈ ਇਕਾਈ Ebix Australia Pty Ltd ਨੇ ਆਪਣੇ ਕਾਰੋਬਾਰ ਨੂੰ ਗਿਰਵੀ ਰੱਖ ਕੇ 41 ਮਿਲੀਅਨ ਡਾਲਰ (ਲਗਭਗ 271 ਕਰੋੜ ਰੁਪਏ) ਦਾ ਕਰਜ਼ਾ ਲਿਆ ਹੈ। ਮਹਾਦੇਵ ਸੱਟੇਬਾਜ਼ੀ ਐਪ ਮਨੀ ਲਾਂਡਰਿੰਗ ਮਾਮਲੇ ’ਚ ED ਵੱਲੋਂ ਸੰਪਤੀਆਂ ਫਰੀਜ਼ ਕੀਤੇ ਜਾਣ ਤੋਂ ਬਾਅਦ ਇਹ ਦੂਜਾ ਮਾਮਲਾ ਹੈ ਜਿੱਥੇ ਕੰਪਨੀ ਨੇ ਵਿਦੇਸ਼ੀ ਸੰਪਤੀ ਗਿਰਵੀ ਰੱਖੀ ਹੈ।

BW Businessworld ਦੀ ਜਾਂਚ ਮੁਤਾਬਕ, Ebix Australia ਨੇ ਅਗਸਤ 2026 ਦੇ ਆਸ-ਪਾਸ ਸਿਡਨੀ ਦੀ ਪ੍ਰਾਈਵੇਟ-ਕ੍ਰੈਡਿਟ ਫਰਮ iPartners ਤੋਂ 9.82% ਵਿਆਜ ਰੇਟ ’ਤੇ ਤਿੰਨ ਸਾਲਾਂ ਲਈ ਇਹ ਸੀਨੀਅਰ ਸਕਿਓਰਡ ਲੋਨ ਲਿਆ ਹੈ। ਇਸ ਕਰਜ਼ੇ ਦੀ ਸ਼ਰਤ ‘ਫਸਟ ਰੈਂਕਿੰਗ’ (first-ranking security) ਹੈ, ਜਿਸ ਦਾ ਮਤਲਬ ਹੈ ਕਿ ਕੰਪਨੀ ਡਿਫਾਲਟ ਹੋਣ ਦੀ ਸੂਰਤ ’ਚ ਇੰਡੀਆ ਸਰਕਾਰ ਤੋਂ ਪਹਿਲਾਂ ਕਰਜ਼ਾ ਦੇਣ ਵਾਲੀ ਕੰਪਨੀ iPartners ਦਾ ਸੰਪਤੀਆਂ ‘ਤੇ ਪਹਿਲਾ ਹੱਕ ਹੋਵੇਗਾ।

ਜ਼ਿਕਰਯੋਗ ਹੈ ਕਿ 5 ਜੂਨ 2026 ਨੂੰ ED ਦੇ ਰਾਏਪੁਰ ਜ਼ੋਨਲ ਦਫ਼ਤਰ ਨੇ ਵਿਕਾਸ ਗਰਗ ਦੀ ਇੰਡੀਆ ’ਚ ਲਿਸਟਡ ਕੰਪਨੀ Eraaya Lifespaces (ਹੁਣ Ebix Ltd) ਦੀ Ebix Inc ’ਚ 893 ਕਰੋੜ ਰੁਪਏ ਦੀ ਹਿੱਸੇਦਾਰੀ ਅਟੈਚ ਕੀਤੀ ਸੀ। ED ਨੇ ਸਪੱਸ਼ਟ ਹੁਕਮ ਦਿੱਤਾ ਸੀ ਕਿ Ebix Inc ਅਤੇ ਇਸ ਦੀਆਂ ਸਹਾਇਕ ਕੰਪਨੀਆਂ ਦੀਆਂ ਸੰਪਤੀਆਂ ਨੂੰ ਵੇਚਿਆ ਜਾਂ ਗਿਰਵੀ ਨਹੀਂ ਰੱਖਿਆ ਜਾ ਸਕਦਾ।

14 ਜੁਲਾਈ 2026 ਨੂੰ ਵਿਕਾਸ ਗਰਗ ਦੀ ਗ੍ਰਿਫ਼ਤਾਰੀ ਤੋਂ ਮਹਿਜ਼ ਤਿੰਨ ਹਫ਼ਤੇ ਬਾਅਦ, 4 ਅਗਸਤ ਨੂੰ Ebix Inc ਨੇ ਜਾਰਜੀਆ (ਅਮਰੀਕਾ) ਸਥਿਤ ਆਪਣੇ 17 ਏਕੜ ਦੇ ਹੈੱਡਕੁਆਰਟਰ ਨੂੰ Velocity Commercial Capital ਕੋਲ 12.6 ਮਿਲੀਅਨ ਅਮਰੀਕੀ ਡਾਲਰ ਦੇ ਕਰਜ਼ੇ ਲਈ ਗਿਰਵੀ ਰੱਖ ਦਿੱਤਾ ਸੀ।

ਸੂਤਰਾਂ ਅਨੁਸਾਰ, Philip Fourie ਦੀ ਅਗਵਾਈ ਵਾਲੀ ਮੁਨਾਫ਼ੇ ’ਚ ਚੱਲ ਰਹੀ Ebix Australia ਨੇ ਇਹ ਨਵਾਂ ਕਰਜ਼ਾ Australian Taxation Office (ATO) ਦੇ ਬਕਾਏ ਚੁਕਾਉਣ ਲਈ ਲਿਆ ਹੈ, ਤਾਂ ਜੋ ਆਸਟ੍ਰੇਲੀਆ ਤੋਂ ਪੈਸਾ ਇੰਡੀਆ ਅਤੇ ਅਮਰੀਕਾ ਦੀਆਂ ਘਾਟੇ ’ਚ ਚੱਲ ਰਹੀਆਂ ਇਕਾਈਆਂ ’ਚ ਭੇਜਿਆ ਜਾ ਸਕੇ। ਭਾਰਤੀ ਆਦੇਸ਼ ਵਿਦੇਸ਼ੀ ਧਰਤੀ ‘ਤੇ ਸਿੱਧੇ ਲਾਗੂ ਨਾ ਹੋਣ ਦਾ ਫਾਇਦਾ ਉਠਾਉਂਦੇ ਹੋਏ, Ebix Ltd ਨੇ ਇਸ ਕਰਜ਼ੇ ਬਾਰੇ ਕੋਈ ਜਨਤਕ ਜਾਣਕਾਰੀ ਵੀ ਸਾਂਝੀ ਨਹੀਂ ਕੀਤੀ ਹੈ।

Share This Article
Leave a Comment

Leave a Reply

Your email address will not be published. Required fields are marked *