ਮੈੱਲਬਰਨ : ਆਸਟ੍ਰੇਲੀਆ ’ਚ ਵਿਰੋਧੀ ਧਿਰ Coalition ਵੱਲੋਂ ਪੇਸ਼ ਕੀਤੇ ਗਏ ਨਵੇਂ ਮਾਈਗ੍ਰੇਸ਼ਨ ਪਲਾਨ ਨੇ ਦੇਸ਼ ਭਰ ’ਚ ਚਿੰਤਾ ਵਧਾ ਦਿੱਤੀ ਹੈ। ਇਸ ਪਲਾਨ ਤਹਿਤ ਟੈਂਪਰੇਰੀ ਮਾਈਗ੍ਰੇਸ਼ਨ ਨੂੰ ਵੱਡੇ ਪੱਧਰ ’ਤੇ ਘਟਾਉਣ ਦੀ ਤਜਵੀਜ਼ ਹੈ, ਜਿਸ ਨਾਲ ਆਰਥਿਕਤਾ ਅਤੇ ਸਕਿੱਲਡ ਵਰਕਰਜ਼ ਦੀ ਘਾਟ ਦਾ ਵੱਡਾ ਖਤਰਾ ਪੈਦਾ ਹੋ ਗਿਆ ਹੈ। ਕਾਰੋਬਾਰੀ ਅਤੇ ਸਿੱਖਿਆ ਸਮੂਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਕਦਮ ਸਕਿੱਲਡ ਵਰਕਰਜ਼ ਨੂੰ ਦੇਸ਼ ਤੋਂ ਦੂਰ ਕਰ ਦੇਵੇਗਾ।
ਵਿਰੋਧੀ ਧਿਰ ਦੇ ਲੀਡਰ Angus Taylor ਨੇ ਆਰਥਿਕ ਨੁਕਸਾਨ ਦੀਆਂ ਆਲੋਚਨਾਵਾਂ ਨੂੰ ਰੱਦ ਕੀਤਾ ਹੈ, ਪਰ ਉਨ੍ਹਾਂ ਨੇ ਮੰਨਿਆ ਹੈ ਕਿ ਇਸ ਬਦਲਾਅ ਦਾ ਅਸਰ ਕੁਝ aged care ਵਰਕਰਾਂ ’ਤੇ ਜ਼ਰੂਰ ਪਵੇਗਾ। ਉਨ੍ਹਾਂ ਮੁਤਾਬਕ, Coalition ਦਾ ਟੀਚਾ ਅਗਲੇ ਦੋ ਸਾਲਾਂ ਲਈ net overseas migration (NOM) ਨੂੰ ਘਟਾ ਕੇ ਸਿਰਫ਼ 100,000 ਕਰਨਾ ਹੈ। Taylor ਨੇ ਦਾਅਵਾ ਕੀਤਾ ਕਿ ਇਹ ਪਲਾਨ ਬਜਟ ਲਈ ਨਿਰਪੱਖ ਰਹੇਗਾ ਕਿਉਂਕਿ ਉੱਚ-ਆਮਦਨ ਵਾਲੇ skilled migrants ਤੋਂ ਆਉਣ ਵਾਲਾ ਟੈਕਸ ਵੀਜ਼ਾ ਕਟੌਤੀਆਂ ਦੀ ਭਰਪਾਈ ਕਰ ਦੇਵੇਗਾ।
ਇਸ ਦੇ ਮੁਕਾਬਲੇ, ਲੇਬਰ ਸਰਕਾਰ ਦਾ ਮੌਜੂਦਾ ਟੀਚਾ 245,000 ਹੈ, ਜਦਕਿ One Nation ਪਾਰਟੀ ਸ਼ੁਰੂਆਤੀ ਸਾਲਾਂ ’ਚ negative immigration ਦੀ ਮੰਗ ਕਰ ਰਹੀ ਹੈ।
Business Council of Australia ਦੇ ਮੁਖੀ Bran Black ਅਤੇ Universities Australia ਦੇ ਮੁੱਖ ਕਾਰਜਕਾਰੀ Luke Sheehy ਨੇ ਇਸ ਯੋਜਨਾ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਮੁਤਾਬਕ, 650,000 ਟੈਂਪਰੇਰੀ ਵੀਜ਼ਿਆਂ ਦੀ ਕਟੌਤੀ ਬਿਨਾਂ ਆਰਥਿਕ ਨੁਕਸਾਨ ਤੋਂ ਸੰਭਵ ਨਹੀਂ ਹੈ। ਗ੍ਰੈਜੂਏਟ ਅਤੇ ਸਟੂਡੈਂਟ ਵੀਜ਼ਿਆਂ ‘ਤੇ ਰੋਕ ਲਗਾਉਣ ਨਾਲ ਇੰਟਰਨੈਸ਼ਨਲ ਐਜੂਕੇਸ਼ਨ ਖੇਤਰ ਨੂੰ ਭਾਰੀ ਝਟਕਾ ਲੱਗੇਗਾ, ਜੋ ਕਿ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸੇਵਾ ਉਦਯੋਗਾਂ ਵਿੱਚੋਂ ਇੱਕ ਹੈ।
ਇਸ ਦੌਰਾਨ, Home Affairs Minister Tony Burke ਨੇ ਵੀ ਇਸ ਪਲਾਨ ਨੂੰ ਕਾਰੋਬਾਰਾਂ ਅਤੇ ਖਪਤਕਾਰਾਂ ਲਈ ਇੱਕ ‘ਬਹੁਤ ਮਾੜਾ ਸੌਦਾ’ ਕਰਾਰ ਦਿੱਤਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ ’ਚ ਪਹਿਲਾਂ ਤੋਂ ਮੌਜੂਦ skills shortage ਹੋਰ ਵੀ ਗੰਭੀਰ ਹੋ ਜਾਵੇਗੀ।
