ਆਸਟ੍ਰੇਲੀਆ ਦੇ 70 ਸਾਲ ਦੇ ਬਜ਼ੁਰਗ ਨੂੰ ਉਸ ਦੇ ਲਾਲਚ ਨੇ ਕਰਾਈ ਜੇਲ੍ਹ!

Sea7 Australia Team
2 Min Read

ਮੈਲਬਰਨ : ਆਸਟ੍ਰੇਲੀਆ ’ਚ ਡਰੱਗ ਤਸਕਰੀ ਦੇ ਇਕ ਹੈਰਾਨ ਕਰ ਦੇਣ ਵਾਲੇ ਮਾਮਲੇ ’ਚ 70 ਸਾਲ ਦੇ ਪਰਥ ਰਹਿਣ ਵਾਲੇ Barry James Calverley ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਸ ਨੂੰ ਘੱਟੋ-ਘੱਟ 4 ਸਾਲ 5 ਮਹੀਨੇ ਜੇਲ੍ਹ ਕੱਟਣੀ ਪਵੇਗੀ, ਜਦਕਿ ਕੁੱਲ ਸਜ਼ਾ 6 ਸਾਲ ਤੋਂ ਵੱਧ ਦੀ ਸੁਣਾਈ ਗਈ ਹੈ।

ਸਰੋਤ ABC News ਮੁਤਾਬਕ, ਜਨਵਰੀ 2024 ’ਚ ਇਹ ਵਿਅਕਤੀ ਲਾਓਸ ਤੋਂ ਵੀਅਤਨਾਮ ਰਾਹੀਂ ਸਿਡਨੀ ਏਅਰਪੋਰਟ ਪਹੁੰਚਿਆ, ਜਿੱਥੇ ਬਾਰਡਰ ਅਧਿਕਾਰੀਆਂ ਨੇ ਉਸ ਦੇ ਬੈਗ ’ਚੋਂ ਇੱਕ ਫੋਲਡਿੰਗ ਬੈੱਡ ਦੇ ਅੰਦਰ ਲੁਕਾਈ ਗਈ ਲਗਭਗ 2.6 ਕਿਲੋ ਹੀਰੋਇਨ ਬਰਾਮਦ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਇਸ ਨੂੰ 48 ਪੈਕਟਾਂ ’ਚ ਛੁਪਾਇਆ ਗਿਆ ਸੀ।

ਅਦਾਲਤ ’ਚ ਖੁਲਾਸਾ ਹੋਇਆ ਕਿ Barry James Calverley ਨੂੰ ਆਨਲਾਈਨ ਠੱਗਾਂ ਵੱਲੋਂ ਵੱਡੇ ਪੈਸਿਆਂ ਦਾ ਲਾਲਚ ਦਿੱਤਾ ਗਿਆ ਸੀ। ਪਹਿਲਾਂ 12.5 ਮਿਲੀਅਨ ਅਮਰੀਕੀ ਡਾਲਰ ਤੇ ਫਿਰ 7 ਮਿਲੀਅਨ ਡਾਲਰ ਦੀ ਪੇਸ਼ਕਸ਼। ਇਸ ਲਾਲਚ ’ਚ ਆ ਕੇ ਉਹ ਵਿਦੇਸ਼ ਗਿਆ ਅਤੇ “ਤੋਹਫ਼ੇ” ਦੇ ਨਾਂ ’ਤੇ ਇਹ ਬੈਗ ਆਸਟ੍ਰੇਲੀਆ ਲੈ ਆਇਆ।

ਫੈਸਲਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਭਾਵੇਂ ਇਹ ਮਾਮਲਾ ਠੱਗੀ ਨਾਲ ਜੁੜਿਆ ਹੋ ਸਕਦਾ ਹੈ, ਪਰ ਡਰੱਗ ਤਸਕਰੀ ’ਚ ਇਸ ਦੀ ਭੂਮਿਕਾ ਗੰਭੀਰ ਹੈ ਅਤੇ ਇਸ ਤਰ੍ਹਾਂ ਦੇ ਗਿਰੋਹ ਆਮ ਲੋਕਾਂ ਨੂੰ ਵਰਤ ਕੇ ਹੀ ਕੰਮ ਕਰਦੇ ਹਨ।

ਅਦਾਲਤ ਨੂੰ ਲਿਖੇ ਖ਼ਤ ’ਚ ਉਸ ਨੇ ਆਪਣੀ ਵੱਡੀ ਗਲਤੀ ਮੰਨਦੇ ਹੋਏ ਪਛਤਾਵਾ ਜ਼ਾਹਿਰ ਕੀਤਾ, ਪਰ ਹੁਣ ਇਸ ਲਾਲਚ ਦੀ ਕੀਮਤ ਉਸ ਨੂੰ ਜੇਲ੍ਹ ’ਚ ਚੁਕਾਉਣੀ ਪਵੇਗੀ। ਇਹ ਮਾਮਲਾ ਇੱਕ ਵਾਰ ਫਿਰ ਵੱਡਾ ਸਵਾਲ ਖੜ੍ਹਾ ਕਰਦਾ ਹੈ ਕਿ ਕੀ ਅੰਤਰਰਾਸ਼ਟਰੀ ਡਰੱਗ ਗਿਰੋਹ ਹੁਣ ਆਮ ਲੋਕਾਂ ਨੂੰ ਲਾਲਚ ਦੇ ਕੇ ਆਪਣੇ ਜਾਲ ’ਚ ਫਸਾ ਰਹੇ ਨੇ?

Share This Article
Leave a Comment

Leave a Reply

Your email address will not be published. Required fields are marked *