ਮੈਲਬਰਨ : ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਕਈ ਪੇਂਡੂ ਇਲਾਕਿਆਂ ਵਿੱਚ ਲੋਕ ਹੁਣ ਆਸਟ੍ਰੇਲੀਅਨ ਝੰਡੇ ਨੂੰ ਉਲਟਾ ਲਹਿਰਾ ਕੇ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਇਹ ਦ੍ਰਿਸ਼ ਖਾਸ ਕਰਕੇ Murray Valley Highway ਦੇ ਨਾਲ-ਨਾਲ ਖੇਤਾਂ, ਘਰਾਂ ਅਤੇ ਫਾਰਮਾਂ ’ਤੇ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਲੋਕ ਕਹਿ ਰਹੇ ਹਨ ਕਿ ਸਰਕਾਰ ਨੇ Regional Victoria ਨੂੰ ਪਿੱਛੇ ਛੱਡ ਦਿੱਤਾ ਹੈ।
ABC ਦੀ ਰਿਪੋਰਟ ਮੁਤਾਬਕ ਇਹ ਰੋਸ ਸਿਰਫ਼ ਇੱਕ ਪ੍ਰਤੀਕਾਤਮਕ ਪ੍ਰਦਰਸ਼ਨ ਨਹੀਂ, ਸਗੋਂ ਪਾਣੀ ਖਰੀਦ ਯੋਜਨਾਵਾਂ (water buybacks), ਖੇਤੀ ਸੰਕਟ, ਮਹਿੰਗਾਈ, ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਅਤੇ ਸਰਕਾਰ ’ਤੇ ਘਟਦੇ ਭਰੋਸੇ ਦਾ ਨਤੀਜਾ ਹੈ। ਪੇਂਡੂ ਲੋਕਾਂ ਦਾ ਦੋਸ਼ ਹੈ ਕਿ Melbourne ਅਤੇ Canberra ਵਿੱਚ ਬੈਠੀਆਂ ਸਰਕਾਰਾਂ ਨੂੰ ਪਿੰਡਾਂ ਦੀ ਅਸਲ ਜ਼ਿੰਦਗੀ ਅਤੇ ਕਿਸਾਨਾਂ ਦੀ ਮੁਸ਼ਕਲ ਨਹੀਂ ਸਮਝ ਰਹੀ।
ਕਈ ਸਥਾਨਕ ਲੋਕਾਂ ਨੇ ਕਿਹਾ ਕਿ “ਸ਼ਹਿਰਾਂ ਲਈ ਨੀਤੀਆਂ ਬਣਦੀਆਂ ਨੇ, ਪਰ ਕੀਮਤ ਪਿੰਡਾਂ ਨੂੰ ਚੁਕਾਉਣੀ ਪੈਂਦੀ ਹੈ।” ਇਸ ਕਰਕੇ ਹੁਣ ਲੋਕਾਂ ਦਾ ਗੁੱਸਾ ਝੰਡਿਆਂ ਰਾਹੀਂ ਵੀ ਨਜ਼ਰ ਆਉਣ ਲੱਗ ਪਿਆ ਹੈ।
ਰਾਜਨੀਤਿਕ ਮਾਹਰ Josh Roose ਦਾ ਕਹਿਣਾ ਹੈ ਕਿ ਉਲਟੇ ਝੰਡੇ ਇਸ ਗੱਲ ਦਾ ਸੰਕੇਤ ਹਨ ਕਿ ਖੇਤਰੀ ਇਲਾਕਿਆਂ ਵਿੱਚ ਲੋਕ ਆਪਣੇ ਆਪ ਨੂੰ mainstream politics ਤੋਂ ਕੱਟਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਮੁਤਾਬਕ ਇਹ ਗੁੱਸਾ ਭਵਿੱਖ ਦੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਇਸੇ ਦੌਰਾਨ One Nation ਵਰਗੀਆਂ ਪਾਰਟੀਆਂ ਦਾ ਖੇਤਰੀ ਇਲਾਕਿਆਂ ਵਿੱਚ ਵਧਦਾ ਸਮਰਥਨ ਵੀ ਚਰਚਾ ਵਿੱਚ ਹੈ। ਮਾਹਰ ਮੰਨਦੇ ਹਨ ਕਿ ਪੇਂਡੂ ਆਸਟ੍ਰੇਲੀਆ ਵਿੱਚ ਵੱਡੀਆਂ ਰਵਾਇਤੀ ਪਾਰਟੀਆਂ ਪ੍ਰਤੀ ਨਿਰਾਸ਼ਾ ਲਗਾਤਾਰ ਵੱਧ ਰਹੀ ਹੈ।
ਆਸਟ੍ਰੇਲੀਆਈ ਝੰਡੇ ਨੂੰ ਉਲਟਾ ਲਹਿਰਾਉਣਾ ਆਮ ਤੌਰ ’ਤੇ “distress signal” ਜਾਂ ਸੰਕਟ ਅਤੇ ਵਿਰੋਧ ਦੇ ਪ੍ਰਤੀਕ ਵਜੋਂ ਵੇਖਿਆ ਜਾਂਦਾ ਹੈ। ਹਾਲਾਂਕਿ ਸਰਕਾਰੀ ਨਿਯਮਾਂ ਮੁਤਾਬਕ ਝੰਡੇ ਨੂੰ ਇਸ ਤਰੀਕੇ ਨਾਲ ਲਹਿਰਾਉਣਾ ਠੀਕ ਨਹੀਂ ਮੰਨਿਆ ਜਾਂਦਾ।
ਹੁਣ ਇਹ ਮਾਮਲਾ ਸਿਰਫ਼ ਝੰਡਿਆਂ ਦਾ ਨਹੀਂ ਰਿਹਾ, ਸਵਾਲ ਇਹ ਹੈ ਕਿ ਕੀ Regional Australia ਆਪਣੇ ਆਪ ਨੂੰ ਦੇਸ਼ ਦੀ ਰਾਜਨੀਤੀ ਤੋਂ ਦੂਰ ਅਤੇ ਅਣਸੁਣਿਆ ਮਹਿਸੂਸ ਕਰ ਰਿਹਾ ਹੈ?
