ਸਿਡਨੀ ਦੇ 85 ਸਾਲ ਦੇ ਬਜ਼ੁਰਗ ਕ੍ਰਿਸ ਬਾਘਸਾਰਿਆਨ ਦੇ ਅਗਵਾ ਤੇ ਕਤਲ ਮਾਮਲੇ ਵਿੱਚ ਦੋ ਗ੍ਰਿਫ਼ਤਾਰ

ਸਿਡਨੀ : ਸਿਡਨੀ ਦੇ ਨਾਰਥ ਰਾਇਡ ਇਲਾਕੇ ਤੋਂ ਅਗਵਾ ਕੀਤੇ ਗਏ 85 ਸਾਲ ਦੇ ਕ੍ਰਿਸ ਬਾਘਸਾਰਿਆਨ ਦੇ ਕਤਲ ਮਾਮਲੇ ਵਿੱਚ ਨਿਊ ਸਾਊਥ ਵੇਲਜ਼ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਸੰਭਵ ਤੌਰ ’ਤੇ ਗ਼ਲਤ ਪਛਾਣ ਦੇ ਆਧਾਰ ’ਤੇ ਕੀਤੇ ਗਏ ਅਗਵਾ ਨਾਲ ਜੁੜਿਆ ਹੋ ਸਕਦਾ ਹੈ। ਪੁਲਿਸ ਮੁਤਾਬਕ ਬਾਘਸਾਰਿਆਨ 13 ਫਰਵਰੀ ਨੂੰ ਤੜਕੇ ਕਰੀਬ ਪੰਜ ਵਜੇ ਆਪਣੇ ਨਾਰਥ ਰਾਇਡ ਸਥਿਤ ਨਿਵਾਸ ਤੋਂ ਲਾਪਤਾ ਹੋਏ ਸਨ। ਉਨ੍ਹਾਂ ਦੀ ਤਲਾਸ਼ ਦੌਰਾਨ ਮੰਗਲਵਾਰ ਸਵੇਰੇ ਕਰੀਬ ਅੱਠ ਵਜੇ ਸਿਡਨੀ ਦੇ ਉੱਤਰੀ-ਪੱਛਮੀ ਅਰਧ-ਗ੍ਰਾਮੀਣ ਇਲਾਕੇ ਪਿੱਟ ਟਾਊਨ ਦੇ ਇਕ ਗੋਲਫ ਕੋਰਸ ਨੇੜਲੇ ਘਾਹੀਲੇ ਖੇਤਰ ਵਿਚ ਮਨੁੱਖੀ ਅਵਸ਼ੇਸ਼ ਬਰਾਮਦ ਹੋਏ। ਪੁਲਿਸ ਨੂੰ ਸ਼ੱਕ ਹੈ ਕਿ ਇਹ ਅਵਸ਼ੇਸ਼ ਬਾਘਸਾਰਿਆਨ ਦੇ ਹਨ, ਹਾਲਾਂਕਿ ਅਧਿਕਾਰਕ ਪਛਾਣ ਲਈ ਫੋਰੈਂਸਿਕ ਜਾਂਚ ਜਾਰੀ ਹੈ ਅਤੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਦੋ ਥਾਵਾਂ ’ਤੇ ਛਾਪੇ, ਦੋ ਨੌਜਵਾਨ ਕਾਬੂ

ਅੱਜ ਸਵੇਰੇ ਕਰੀਬ 6:30 ਵਜੇ ਪੁਲਿਸ ਨੇ ਕੈਂਟਹਰਸਟ ਅਤੇ ਕੈਸਲ ਹਿੱਲ ਵਿਚ ਦੋ ਅਲੱਗ-ਅਲੱਗ ਥਾਵਾਂ ’ਤੇ ਤਲਾਸ਼ੀ ਵਾਰੰਟ ਅਮਲ ਵਿੱਚ ਲਿਆਂਦੇ। ਕੈਂਟਹਰਸਟ ਤੋਂ 29 ਸਾਲ ਦੇ ਅਤੇ ਕੈਸਲ ਹਿੱਲ ਤੋਂ 24 ਸਾਲ ਦੇ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ। ਦੋਵੇਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਉਨ੍ਹਾਂ ਖ਼ਿਲਾਫ਼ ਕੋਈ ਰਸਮੀ ਇਲਜ਼ਾਮ ਦਰਜ ਨਹੀਂ ਕੀਤਾ ਗਿਆ।

sydney

ਵਾਹਨ ਰਾਹੀਂ ਮਿਲੀ ਜਾਂਚ ਨੂੰ ਦਿਸ਼ਾ

ਡਿਟੈਕਟਿਵ ਐਕਟਿੰਗ ਸੁਪਰਿੰਟੈਂਡੈਂਟ ਐਂਡਰੂ ਮਾਰਕਸ ਨੇ ਦੱਸਿਆ ਕਿ ਇਕ ਸਲੇਟੀ ਰੰਗ ਦੀ ਟੋਯੋਟਾ ਕੋਰੋਲਾ, ਜਿਸ ’ਤੇ ਨਕਲੀ ਨੰਬਰ ਪਲੇਟ ਲੱਗੀਆਂ ਹੋਈਆਂ ਸਨ, ਮਾਮਲੇ ਨਾਲ ਫੋਰੈਂਸਿਕ ਤੌਰ ’ਤੇ ਜੁੜੀ ਮਿਲੀ ਹੈ। ਇਹ ਵਾਹਨ 14 ਫਰਵਰੀ ਦੀ ਰਾਤ ਪਿੱਟ ਟਾਊਨ ਨੇੜੇ ਦੇਖਿਆ ਗਿਆ ਸੀ ਅਤੇ 16 ਫਰਵਰੀ ਨੂੰ ਵੈਸਟਮੀਡ ਇਲਾਕੇ ਵਿਚ ਸੜੀ ਹੋਈ ਹਾਲਤ ਵਿੱਚ ਬਰਾਮਦ ਹੋਇਆ। ਪੁਲਿਸ ਅਨੁਸਾਰ ਇਹ ਗੱਡੀ ਵਿਕਟੋਰੀਆ ਤੋਂ ਚੋਰੀ ਕੀਤੀ ਹੋਈ ਮੰਨੀ ਜਾ ਰਹੀ ਹੈ। ਮਾਰਕਸ ਨੇ ਕਿਹਾ ਕਿ ਵਾਹਨ ਦੇ ਸੁਰਾਗ ਅਤੇ ਡਿਊਰਲ ਖੇਤਰ ਵਿੱਚ ਇਕ ਸੰਦੇਹਜਨਕ ਠਿਕਾਣੇ ਨਾਲ ਮਿਲੀ ਕੜੀ ਦੇ ਆਧਾਰ ’ਤੇ ਜਾਂਚ ਟੀਮ ਪਿੱਟ ਟਾਊਨ ਤੱਕ ਪਹੁੰਚੀ। ਛਾਪਿਆਂ ਦੌਰਾਨ ਕੁਝ ਤਸਵੀਰਾਂ ਅਤੇ ਵੀਡੀਓ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪਰਿਵਾਰ ਵੱਲੋਂ ਨਿੱਜਤਾ ਦੀ ਅਪੀਲ

ਬਾਘਸਾਰਿਆਨ ਦੇ ਪਰਿਵਾਰ ਨੇ ਪੁਲਿਸ ਰਾਹੀਂ ਜਾਰੀ ਬਿਆਨ ਵਿੱਚ ਕਿਹਾ ਕਿ ਉਹ ਤਾਜ਼ਾ ਗ੍ਰਿਫ਼ਤਾਰੀਆਂ ਦਾ ਸਵਾਗਤ ਕਰਦੇ ਹਨ ਪਰ ਇਸ ਦੁਖਦਾਈ ਘਟਨਾ ਕਾਰਨ ਗਹਿਰੇ ਸਦਮੇ ਵਿੱਚ ਹਨ। ਉਨ੍ਹਾਂ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕੀਤਾ ਜਾਵੇ। ਪਰਿਵਾਰ ਵੱਲੋਂ ਕੋਈ ਇੰਟਰਵਿਊ ਨਹੀਂ ਦਿੱਤਾ ਜਾਵੇਗਾ।

ਪ੍ਰੀਮੀਅਰ ਦਾ ਬਿਆਨ

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿਨਸ ਨੇ ਇਸ ਘਟਨਾ ਨੂੰ “ਬਹੁਤ ਹੀ ਦੁਖਦਾਈ ਵਿਕਾਸ” ਕਰਾਰ ਦਿੰਦਿਆਂ ਕਿਹਾ ਕਿ ਇਸ ਕਿਸਮ ਦੀ ਬਰਬਰਤਾ ਲਈ ਸਮਾਜ ਵਿੱਚ ਕੋਈ ਥਾਂ ਨਹੀਂ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਾਨੂੰਨ ਦੇ ਕਟਘਰੇ ’ਚ ਲਿਆਂਦਾ ਜਾਵੇਗਾ ਅਤੇ ਜਾਂਚ ਹਰ ਪੱਖੋਂ ਅੱਗੇ ਵਧ ਰਹੀ ਹੈ। ਪੁਲਿਸ ਨੇ ਦੱਸਿਆ ਕਿ ਜਿਸ ਵਿਅਕਤੀ ਨੂੰ ਅਸਲ ਨਿਸ਼ਾਨਾ ਬਣਾਇਆ ਜਾਣਾ ਸੀ, ਉਹ ਸੁਰੱਖਿਅਤ ਹੈ ਅਤੇ ਕਿਸੇ ਤੁਰੰਤ ਖਤਰੇ ਵਿੱਚ ਨਹੀਂ। ਜਾਂਚ ਜਾਰੀ ਹੈ ਅਤੇ ਡਿਊਰਲ ਜਾਂ ਪਿੱਟ ਟਾਊਨ ਇਲਾਕੇ ਵਿੱਚ ਸ਼ੱਕੀ ਗਤੀਵਿਧੀ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

ਪੂਰੇ ਮੁਲਕ ਨੇ ਇਸ ਵਰਤਾਰੇ ਤੇ ਪ੍ਰਗਟ ਕੀਤੀ ਚਿੰਤਾ!

ਇਸ ਘਟਨਾ ਨੇ ਸਿਡਨੀ ਦੇ ਭਾਰਤੀ ਭਾਈਚਾਰੇ ਸਮੇਤ ਸਮੂਹ ਸਥਾਨਕ ਵਸਨੀਕਾਂ ਨੂੰ ਗਹਿਰੇ ਸਦਮੇ ਵਿੱਚ ਛੱਡ ਦਿੱਤਾ ਹੈ। ਪੁਲਿਸ ਮਾਮਲੇ ਦੇ ਸਾਰੇ ਪੱਖਾਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।