ਮੈਲਬਰਨ: ਅਮਰੀਕਾ ਦੇ ਕੈਲੇਫ਼ੋਰਨੀਆ ਸਟੇਟ ’ਚ Department of Corrections and Rehabilitation (CDCR) ਨੇ ਜੇਲ੍ਹ ’ਚ ਕੰਮ ਕਰ ਰਹੇ ਗਾਰਡਾਂ ਵਲੋਂ ਦਾੜ੍ਹੀ ਰੱਖਣ ’ਤੇ ਲਾਈ ਪਾਬੰਦੀ ਵਿਰੁਧ ਅਮਰੀਕਾ ਫੈਡਰਲ ਸਰਕਾਰ ਨੇ ਅਦਾਲਤ ’ਚ ਅਪੀਲ ਦਾਇਰ ਕੀਤੀ ਹੈ। ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਕੈਲੀਫੋਰਨੀਆ ਦੀ ਜੇਲ੍ਹ ਏਜੰਸੀ ਵਿਰੁਧ ਇਕ ਜੱਜ ਕੋਲ ਅਪੀਲ ਕੀਤੀ ਹੈ ਕਿ ਉਹ ਕੈਲੀਫੋਰਨੀਆ ਦੇ CDCR ਨੂੰ ਅਪਣੇ ਗਾਰਡਾਂ ਦੇ ਧਾਰਮਕ ਅਧਿਕਾਰਾਂ ਦਾ ਸਨਮਾਨ ਕਰਨ ਅਤੇ ਸਿੱਖਾਂ, ਮੁਸਲਮਾਨਾਂ ਤੇ ਹੋਰਾਂ ਦੇ ਦਾੜ੍ਹੀ ਰੱਖਣ ’ਤੇ 2022 ਤੋਂ ਲਾਈ ਪਾਬੰਦੀ ਨੂੰ ਲਾਗੂ ਕਰਨ ਤੋਂ ਰੋਕਣ ਲਈ ਹੁਕਮ ਜਾਰੀ ਕਰੇ। ਜੇਲ੍ਹ ਨੇ ਇਸ ਤੋਂ ਪਹਿਲਾਂ ਫ਼ੈਡਰਲ ਸਰਕਾਰ ਦੇ ਹੁਕਮਾਂ ਦੀ ਅਣਦੇਖੀ ਕਰ ਦਿੱਤੀ ਸੀ।
ਆਪਣੀ ਕਲੀਨਸ਼ੇਵ ਨੀਤੀ ਲਾਗੂ ਕਰਨ ਲਈ CDCR ਨੇ ਇਹ ਦਲੀਲ ਦਿਤੀ ਹੈ ਕਿ ਗਾਰਡਾਂ ਨੂੰ ਮੂੰਹ ’ਤੇ ਪੂਰੀ ਤਰ੍ਹਾਂ ਫ਼ਿੱਟ ਮਾਸਕ ਪਹਿਨਣ ਲਈ ਵਾਲ ਕਟਵਾਉਣ ਦੀ ਜ਼ਰੂਰਤ ਹੈ ਜੋ ਉਨ੍ਹਾਂ ਨੂੰ ਕੋਰੋਨਾ ਵਾਇਰਸ ਵਰਗੀਆਂ ਬਿਮਾਰੀਆਂ ਅਤੇ ਰਸਾਇਣਕ ਏਜੰਟਾਂ ਤੋਂ ਬਚਾ ਸਕਦੇ ਹਨ। ਹਾਲਾਂਕਿ, ਜਸਟਿਸ ਡਿਪਾਰਟਮੈਂਟ ਦੀ ਦਲੀਲ ਹੈ ਕਿ ਜੇਲ੍ਹ ਏਜੰਸੀ ਨੇ ਇਸ ਦੇ ਬਦਲ ਲੱਭਣ ਲਈ ਲੋੜੀਂਦਾ ਕੰਮ ਨਹੀਂ ਕੀਤਾ ਹੈ ਜਿਸ ਨਾਲ ਗਾਰਡਾਂ ਅਪਣੇ ਧਰਮਾਂ ਦੀ ਪਾਲਣਾ ਵੀ ਕਰੀ ਜਾਣ ਅਤੇ ਨਿਯਮਾਂ ਦੀ ਉਲੰਘਣਾ ਵੀ ਨਾ ਹੋਵੇ। ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਅਤੇ ਸਿੱਖ ਕੋਲੀਸ਼ਨ ਨੇ ਇਸ ਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਹ ਗੈਰ-ਗੋਰੇ ਅਧਿਕਾਰੀਆਂ ਅਤੇ ਗਾਰਡਾਂ ਨੂੰ ਅਪਣੇ ਧਰਮ ਅਤੇ ਉਨ੍ਹਾਂ ਦੀਆਂ ਨੌਕਰੀਆਂ ਵਿਚੋਂ ਕਿਸੇ ਇਕ ਦੀ ਚੋਣ ਕਰਨ ਲਈ ਮਜਬੂਰ ਕਰਦੀ ਹੈ।