ਮੈਲਬਰਨ: ਪ੍ਰਵਾਸੀ ਭਾਰਤੀਆਂ (NRI) ਦੀ ਭਲਾਈ ਲਈ ਕੰਮ ਕਰਨ ਵਾਲੀ ਪੰਜਾਬ ਸਰਕਾਰ ਦੀ ਏਜੰਸੀ NRI ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ 5 ਜਨਵਰੀ ਨੂੰ ਹੋਣ ਜਾ ਰਹੀ ਹੈ। ਤਿੰਨ ਉਮੀਦਵਾਰ ਕਮਲਜੀਤ ਹੇਅਰ, ਜਸਵੀਰ ਗਿੱਲ ਅਤੇ ਪਹਿਲੀ ਮਹਿਲਾ ਉਮੀਦਵਾਰ ਪਰਵਿੰਦਰ ਕੌਰ ਬੰਗਾ ਚੋਣ ਮੈਦਾਨ ਵਿੱਚ ਹਨ।
ਮੈਲਬਰਨ ‘ਚ 20 ਸਾਲ ਬਿਤਾਉਣ ਵਾਲੀ ਪਰਵਿੰਦਰ ਕੌਰ ਬੰਗਾ ਇਸ ਸੰਗਠਨ ਲਈ ਪਹਿਲੀ ਮਹਿਲਾ ਉਮੀਦਵਾਰ ਹੈ ਅਤੇ ਉਸ ਨੂੰ ਸੂਬੇ ’ਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਕੁਝ ਨੇਤਾਵਾਂ ਦਾ ਸਮਰਥਨ ਹਾਸਲ ਹੈ, ਜੋ ਕਿ ਬਾਕੀ ਦੋ ਉਮੀਦਵਾਰਾਂ ਨੂੰ ਸਖ਼ਤ ਟੱਕਰ ਦੇ ਰਹੀ ਹੈ। ਉਹ ਪੰਜਾਬ ਵਿੱਚ ਰਿਵਰਸ ਮਾਈਗ੍ਰੇਸ਼ਨ ਦੀ ਵਕਾਲਤ ਕਰ ਰਹੀ ਹੈ।
ਜਦਕਿ ਉਸ ਦੇ ਵਿਰੋਧੀਆਂ ਕਮਲਜੀਤ ਹੇਅਰ ਅਤੇ ਜਸਵੀਰ ਗਿੱਲ ਨੇ ਉਸ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਉਸ ਨੇ ਹਾਲ ਹੀ ਵਿੱਚ ਮੈਂਬਰਸ਼ਿਪ ਲਈ ਹੈ ਅਤੇ ਉਸ ਨੂੰ ਸਰਕਾਰ ਅਤੇ NRI ਸਭਾ ਦੇ ਕੰਮਕਾਜ ਬਾਰੇ ਜਾਣਕਾਰੀ ਨਹੀਂ ਹੈ। ਬ੍ਰਿਟਿਸ਼ ਨਾਗਰਿਕ ਅਤੇ NRI ਸਭਾ ਦੇ ਸਾਬਕਾ ਪ੍ਰਧਾਨ ਹੇਅਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ NRI ਭਵਨ, NRI ਪੁਲਿਸ ਸਟੇਸ਼ਨ ਅਤੇ NRI ਵਿਸ਼ੇਸ਼ ਅਦਾਲਤ ਦੀ ਸਥਾਪਨਾ ਕੀਤੀ ਸੀ।