Starbucks ਦੇ ਕੱਪ ਨਾਲ ਖ਼ਬਰ ਪੇਸ਼ ਕਰਨ ਵਾਲੀ ਐਂਕਰ ਨੌਕਰੀ ਤੋਂ ਬਰਤਰਫ਼, ਜਾਣੋ ਕਿਹੜੀਆਂ ‘ਫ਼ਲਸਤੀਨ ਹਮਾਇਤੀ’ ਕੰਪਨੀਆਂ ਦਾ ਤੁਰਕੀ ’ਚ ਹੈ ਬਾਈਕਾਟ

ਮੈਲਬਰਨ: ਤੁਰਕੀ ਦੇ ਇਕ ਰਾਸ਼ਟਰੀ ਨਿਊਜ਼ ਚੈਨਲ ਨੇ ਇਕ ਟੀ.ਵੀ. ਨਿਊਜ਼ ਐਂਕਰ ਨੂੰ ਉਸ ਸਮੇਂ ਨੌਕਰੀ ਤੋਂ ਕੱਢ ਦਿੱਤਾ ਜਦੋਂ ਉਸ ਨੇ ਆਪਣੇ ਡੈਸਕ ‘ਤੇ Starbucks ਦਾ ਕੱਪ ਲਗਾ ਕੇ ਖ਼ਬਰ ਪੇਸ਼ ਕੀਤੀ। ਇਹ ਫੈਸਲਾ ਉਦੋਂ ਸਾਹਮਣੇ ਆਇਆ ਹੈ ਜਦੋਂ ਕੌਫੀ ਵੇਚਣ ਵਾਲੀ ਮਸ਼ਹੂਰ ਕੰਪਨੀ ਦਾ ਤੁਰਕੀ ਅਤੇ ਦੁਨੀਆ ਭਰ ਦੇ ਫਲਸਤੀਨੀ ਹਮਾਇਤੀਆਂ ਨੇ ਇਜ਼ਰਾਈਲ ਦੇ ਕਥਿਤ ਸਮਰਥਨ ਲਈ ਬਾਈਕਾਟ ਕੀਤਾ ਹੋਇਆ ਹੈ, ਹਾਲਾਂਕਿ ਕੰਪਨੀ ਨੇ ਇਸ ਤੋਂ ਇਨਕਾਰ ਕੀਤਾ ਹੈ।

TGRT Haber ਦੀ ਐਂਕਰ ਮੈਲਟੇਮ ਗੁਨੇ ਅਤੇ ਪ੍ਰੋਗਰਾਮ ਦੇ ਡਾਇਰੈਕਟਰ ਨੂੰ ਬਰਖਾਸਤ ਕਰਦਿਆਂ ਮੀਡੀਆ ਕੰਪਨੀ ਨੇ ਕਿਹਾ ਕਿ ਉਹ ‘ਗਾਜ਼ਾ ਬਾਰੇ ਤੁਰਕੀ ਦੇ ਲੋਕਾਂ ਦੀਆਂ ਸੰਵੇਦਨਸ਼ੀਲਤਾਵਾਂ ਨੂੰ ਜਾਣਦੀ ਹੈ ਅਤੇ ਅੰਤ ਤੱਕ ਉਨ੍ਹਾਂ ਦੀ ਰਾਖੀ ਕਰਦੀ ਹੈ।’ 7 ਅਕਤੂਬਰ, 2023 ਨੂੰ ਸ਼ੁਰੂ ਹੋਏ ਇਜ਼ਰਾਈਲ-ਹਮਾਸ ਯੁੱਧ ਤੋਂ ਬਾਅਦ Starbucks ਅਤੇ ਕਈ ਹੋਰ ਬ੍ਰਾਂਡਾਂ ਦਾ ਤੁਰਕੀ ਵਿੱਚ ਬਾਈਕਾਟ ਕੀਤਾ ਗਿਆ ਹੈ। ਤੁਰਕੀ ਦੀ ਸੰਸਦ ਅਤੇ ਤੁਰਕੀ ਏਅਰਲਾਈਨਜ਼ ਨੇ ਕੋਕਾ ਕੋਲਾ, ਪੈਪਸੀ ਅਤੇ ਨੈਸਲੇ ’ਤੇ ਪਾਬੰਦੀ ਲਾਈ ਹੋਈ ਹੈ।

Starbucks ਮਿਡਲ ਈਸਟ ’ਚ ਜਾਰੀ ਜੰਗ ਨੂੰ ਲੈ ਕੇ ਤਣਾਅ ਵਿਚ ਉਸ ਸਮੇਂ ਉਲਝ ਗਿਆ ਜਦੋਂ ਉਸ ਦੀ ਕਰਮਚਾਰੀ ਯੂਨੀਅਨ ਵਰਕਰਜ਼ ਯੂਨਾਈਟਿਡ ਨੇ ਸੋਸ਼ਲ ਮੀਡੀਆ ‘ਤੇ ਫਿਲਸਤੀਨ ਦਾ ਸਮਰਥਨ ਕਰਨ ਵਾਲਾ ਸੰਦੇਸ਼ ਪੋਸਟ ਕੀਤਾ। ਪਰ ਸਟਾਰਬਕਸ ਨੇ ਇਹ ਕਹਿੰਦਿਆਂ ਯੂਨੀਅਨ ’ਤੇ ਮੁਕੱਦਮਾ ਕਰ ਦਿੱਤਾ ਕਿ ਉਹ ਯੂਨੀਅਨ ਨੂੰ ਆਪਣੇ ਨਾਮ ਅਤੇ ਲੋਗੋ ਦੀ ਵਰਤੋਂ ਕਰਨ ਤੋਂ ਰੋਕਣਾ ਚਾਹੁੰਦਾ ਹੈ ਅਤੇ ਕਹਿੰਦਾ ਹੈ ਕਿ ਯੁੱਧ ‘ਤੇ ਉਸ ਦਾ ਕੋਈ ਅਧਿਕਾਰਤ ਰੁਖ ਨਹੀਂ ਹੈ।

ਇਹ ਵੀ ਪੜ੍ਹੋ: ਗਾਜ਼ਾ ’ਚ ਗਹਿਗੱਚ ਲੜਾਈ, ਇਜ਼ਰਾਈਲ ਦੇ 15 ਫ਼ੌਜੀ ਹਮਾਸ ਹੱਥੋਂ ਹਲਾਕ, ਬੈਥਲਹਮ ’ਚ ਕ੍ਰਿਸਮਸ ਦੇ ਜਸ਼ਨ ਰੱਦ – Sea7 Australia