NSW ’ਚ ਕਈ ਥਾਈਂ ਲੱਗੀ ਅੱਗ, ਤਿੰਨ ਥਾਵਾਂ ’ਤੇ ਲੋਕਾਂ ਲਈ ਚੇਤਾਵਨੀ ਜਾਰੀ

ਮੈਲਬਰਨ: NSW Rural Fire Service ਵੱਲੋਂ ਪੂਰੇ ਸੂਬੇ ’ਚ ਲੱਗੀ ਅੱਗ ਲਈ ਕਈ ਐਮਰਜੈਂਸੀ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਡੱਬੋ ਦੇ ਪੂਰਬ ਵੱਲ ਸੈਂਟਰਲ ਡਾਰਲਿੰਗ ਸ਼ਾਇਰ ਵਿੱਚ ਕੋਪ ਨੇੜੇ ਸਪਰਿੰਗਵੁੱਡ ਪਾਰਕ ਰੋਡ ’ਤੇ ਲੱਗੀ ਅੱਗ ਕਾਬੂ ਤੋਂ ਬਾਹਰ ਹੋ ਰਹੀ ਹੈ ਅਤੇ ਪੂਰਬੀ ਦਿਸ਼ਾ ਵਿੱਚ ਵਧ ਰਹੀ ਹੈ। ਕੁੱਕਸ ਗੈਪ ਅਤੇ ਉਲਾਨ ਖੇਤਰਾਂ ਵਿੱਚ ਉਲਾਨ ਰੋਡ ਦੇ ਪੱਛਮ ਵਿੱਚ ਮਕਾਨਾਂ ਦੇ ਲੋਕਾਂ ਨੂੰ ਹੁਣ ਪਨਾਹ ਲੈਣ ਦੀ ਸਲਾਹ ਦਿੱਤੀ ਗਈ ਹੈ ਅਤੇ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇੱਥੋਂ ਨਿਕਲਣ ’ਚ ਹੁਣ ਬਹੁਤ ਦੇਰ ਹੋ ਗਈ ਹੈ।

ਮੋਪਾਰਾਬਾਹ ਵਿਖੇ ਕੈਂਪਸੇ ਦੇ ਨੇੜੇ ਉੱਤਰ-ਪੂਰਬ ਵਿਚ ਇਕ ਹੋਰ ਅੱਗ ਵੀ ਐਮਰਜੈਂਸੀ ਚੇਤਾਵਨੀ ਪੱਧਰ ’ਤੇ ਹੈ, ਅਤੇ ਇੱਥੋਂ ਨਿਕਲਣ ਲਈ ਤਿਆਰ ਲੋਕਾਂ ਨੂੰ ਹੁਣ ਦੱਖਣ ਵਾਲੇ ਪਾਸੇ ਕੇਂਪਸੀ ਵੱਲ ਜਾਣ ਵਾਲੀ ਆਰਮੀਡੇਲ ਰੋਡ ਦੇ ਨਾਲ ਜਾਣ ਲਈ ਕਿਹਾ ਗਿਆ ਹੈ। ਆਰ.ਐਫ.ਐਸ. ਨੇ ਕਿਹਾ ਕਿ ਅੱਗ ਕਈ ਦਿਸ਼ਾਵਾਂ ਵਿੱਚ ਬੇਤਰਤੀਬ ਢੰਗ ਨਾਲ ਵਧ ਰਹੀ ਹੈ, 5,800 ਹੈਕਟੇਅਰ ਤੋਂ ਵੱਧ ਇਲਾਕਾ ਸੜ ਚੁੱਕਾ ਹੈ ਅਤੇ ਅਜੇ ਤੱਕ ਬੇਕਾਬੂ ਹੈ।

ਕਯੋਗਲ ਵਿਖੇ ਹੋਰ ਉੱਤਰ ਵੱਲ, ਅੱਪਰ ਹਾਰਸਸ਼ੂ ਕ੍ਰੀਕ ਵਿਖੇ ਅੱਗ ਦੀ ਇੱਕ ਹੋਰ ਐਮਰਜੈਂਸੀ ਚੇਤਾਵਨੀ ਦਿੱਤੀ ਗਈ ਹੈ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ, ਪਰ ਬਾਰਕਰਸ ਵੇਲ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਪਨਾਹ ਲੈਣ ਲਈ ਕਿਹਾ ਗਿਆ ਹੈ। ਪੂਰੇ ਸਟੇਟ ’ਚ ਕੁੱਲ 112 ਘਟਨਾਵਾਂ ਦੇ ਨਾਲ ਕਈ ਹੋਰ ਥਾਈਂ ਲੱਗੀ ਅੱਗਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਕਈ ਜ਼ਿਲ੍ਹਿਆਂ ਲਈ ਅੱਗ ਬਾਲਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਅਤੇ ਮੌਸਮ ਬਿਊਰੋ ਨੇ ਸਟੇਟ ਲਈ ਅੱਗ ਦੀਆਂ ਕਈ ਚੇਤਾਵਨੀਆਂ ਦਿੱਤੀਆਂ ਹਨ।

Leave a Comment