ਮੈਲਬਰਨ : ਪੰਜਾਬੀ ਕਲਾਊਡ ਟੀਮ
-ਕੋਵਿਡ-19 ਦੀ ਮਹਾਂਮਾਰੀ ਤੋਂ ਬਾਅਦ ਇੰਡੀਆ ਦੀ ਕੇਰਲਾ ਸਟੇਟ ਵਿੱਚ ਇਕ ਵਾਰ ਫਿਰ ਨਵੇਂ ਵਾਇਰਸ ‘ਨਿਪਾਹ 2023’ (Nipah Outbreak 2023) ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਦੋ ਮੌਤਾਂ ਹੋਣ ਕਰਕੇ ਸਟੇਟ ਸਰਕਾਰ ਨੇ ਸਕੂਲ,ਕਾਲਜ,ਆਂਗਨਵਾੜੀ ਕੇਂਦਰ ਅਤੇ ਹੋਰ ਹਰ ਪ੍ਰਕਾਰ ਦੇ ਸਰਕਾਰੀ-ਪ੍ਰਾਈਵੇਟ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਹਨ ਤਾਂ ਜੋ ਵਾਇਰਸ ਦਾ ਫ਼ੈਲਾਅ ਰੋਕਿਆ ਜਾ ਸਕੇ। ਵਾਇਰਸ ਦੀ ਗੰਭੀਰਤਾ ਨੂੰ ਸਮਝਦਿਆਂ ਕੇਂਦਰ ਸਰਕਾਰ ਨੇ ਇੱਕ ਵਿਸ਼ੇਸ਼ ਟੀਮ ਸਟੇਟ ਵੱਲ ਭੇਜ ਦਿੱਤੀ ਹੈ।
ਫਾਈਨੈਂਸ਼ਲ ਐਕਸਪ੍ਰੈੱਸ ਦੀ ਇੱਕ ਰਿਪੋਰਟ ਅਨੁਸਾਰ ਦੇ ਕੇਰਲਾ ਦੇ ਕੋਹੀਕੋਡੇ ਜਿ਼ਲ੍ਹੇ ਵਿੱਚ ਪੀੜਿਤਾਂ ਦੇ 4 ਹੋਰ ਰਿਸ਼ਤੇਦਾਰਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਇਹ ਵਾਇਰਸ ਸਭ ਤੋਂ ਪਹਿਲਾਂ ਮਈ-ਜੂਨ 2018 ਵਿੱਚ ਆਇਆ ਸੀ ਤੇ ਉਦੋਂ 17 ਮੌਤਾਂ ਹੋ ਗਈਆਂ ਸਨ। ਉਸ ਤੋਂ ਬਾਅਦ 2021 ਵਿੱਚ ਵੀ ਇੱਕ 12 ਸਾਲਾ ਬੱਚੇ ਦੀ ਜਾਨ ਲੈ ਲਈ ਸੀ।
ਭਾਰਤ ਸਰਕਾਰ ਦੇ ਹੈੱਲਥ ਮਨਿਸਟਰ ਮਨਸੁੱਖ ਮਾਂਡਵੀਆ ਨੇ ਦੋ ਮੌਤਾਂ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਟੀਮ ਉੱਥੇ ਭੇਜ ਦਿੱਤੀ ਗਈ ਹੈ।
ਰਿਪੋਰਟ ਅਨੁਸਾਰ ਸਟੇਟ ਐਜ਼ੂਕੇਸ਼ਨ ਮਨਿਸਟਰ ਵੀ ਸਿ਼ਵਨਕੁਟੀ ਨੇ ਸਾਰੇ ਵਿਦਿਅਕ ਅਦਾਰੇ ਬੰਦ ਕਰਨ ਦੇ ਹੁਕਮ ਦੇ ਦਿੱਤੇ ਹਨ, ਜਿਨ੍ਹਾਂ ਦੇ ਦੁਬਾਰਾ ਖੁੱਲ੍ਹਣ ਬਾਰੇ ਅਜੇ ਕੋਈ ਵਿਭਾਗੀ ਸੂਚਨਾ ਜਾਰੀ ਨਹੀਂ ਹੋਈ।