…ਤੇ ਟਰੰਪ ਦੇ ਸੁਰੱਖਿਆ ਸਲਾਹਕਾਰ ਨੇ ਹੀ ਪੱਤਰਕਾਰ ਨੂੰ ਖ਼ੁਫ਼ੀਆ ਜਾਣਕਾਰੀ ਵਾਲੇ ਗਰੁੱਪ ’ਚ ਸੱਦਾ ਦੇ ਦਿੱਤਾ

ਮੈਲਬਰਨ : ਅਮਰੀਕੀ ਪ੍ਰਸ਼ਾਸਨ ਨੂੰ ਉਦੋਂ ਭਾਰੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਅਮਰੀਕੀ ਮੈਗਜ਼ੀਨ The Atlantic ਦੇ ਸੰਪਾਦਕ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੂੰ ਅਮਰੀਕੀ ਅਧਿਕਾਰੀਆਂ ਦੇ ਉਸ Signal ਮੋਬਾਈਲ ਐਪ ਦੇ ਗਰੁੱਪ ’ਚ ਸ਼ਾਮਲ ਕਰ ਲਿਆ ਗਿਆ ਜਿਸ ’ਚ ਯਮਨ ਦੇ ਹੂਥੀ ਵਿਦਰੋਹੀਆਂ ’ਤੇ ਕੀਤੇ ਜਾਣ ਵਾਲੇ ਹਮਲੇ ਬਾਰੇ ਖ਼ੁਫ਼ੀਆ ਜਾਣਕਾਰੀ ਸਾਂਝੀ ਕੀਤੀ ਗਈ ਸੀ। ਨਤੀਜੇ ਵੱਜੋਂ ਯਮਨ ’ਤੇ 15 ਮਾਰਚ ਨੂੰ ਪਹਿਲੇ ਹਮਲੇ ਤੋਂ ਦੋ ਘੰਟੇ ਪਹਿਲਾਂ ਹੀ ਮੈਗਜ਼ੀਨ ਦੇ ਸੰਪਾਦਕ Jeffrey Goldberg ਨੂੰ ਇਸ ਬਾਰੇ ਪਤਾ ਲੱਗ ਗਿਆ ਸੀ। ਇਸ ਕਿਸਮ ਦੀ ਫੌਜੀ ਯੋਜਨਾਬੰਦੀ ਬਹੁਤ ਗੁਪਤ ਹੁੰਦੀ ਹੈ, ਇਹੀ ਕਾਰਨ ਹੈ ਕਿ ਮੀਡੀਆ ਇਸ ਨੂੰ ‘ਅਮਰੀਕੀ ਰਾਸ਼ਟਰੀ ਸੁਰੱਖਿਆ ਖੁਫੀਆ ਜਾਣਕਾਰੀ ਦੀ ਅਸਧਾਰਨ ਉਲੰਘਣਾ’ ਵਜੋਂ ਪੇਸ਼ ਕਰ ਰਹੇ ਹਨ।

Goldberg ਨੇ ਕਿਹਾ ਕਿ ਉਨ੍ਹਾਂ ਨੂੰ ਗਰੁੱਪ ’ਚ ਆਉਣ ਦਾ ਸੱਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੁਰੱਖਿਆ ਸਲਾਹਕਾਰ Mike Waltz ਤੋਂ ਮਿਲਿਆ ਸੀ। ਵਾਈਟ ਹਾਊਸ ਦੀ ਇੱਕ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਗਿਆ ਹੈ ਕਿ ਟਰੰਪ ਨੂੰ ਅਜੇ ਵੀ Mike Waltz ’ਤੇ ਭਰੋਸਾ ਹੈ। ਸੰਚਾਲਨ ਅਤੇ ਰਣਨੀਤਕ ਪੱਧਰ ਤੋਂ, ਇਸ ਘਟਨਾ ਦੇ ਵੱਡੇ ਅਸਰ ਹੋ ਸਕਦੇ ਸਨ। ਜੇ ਹੂਥੀ ਜਾਂ ਉਨ੍ਹਾਂ ਦੇ ਈਰਾਨੀ ਹਮਾਇਤੀ ਇਸ ਜਾਣਕਾਰੀ ਤੱਕ ਪਹੁੰਚ ਕਰਨ ਵਿੱਚ ਕਾਮਯਾਬ ਹੋ ਜਾਂਦੇ, ਤਾਂ ਉਹ ਨਿਸ਼ਾਨਾ ਬਣਾਏ ਜਾ ਰਹੇ ਵਿਅਕਤੀਆਂ ਜਾਂ ਉਪਕਰਣਾਂ ਦੀ ਥਾਂ ਬਦਲ ਸਕਦੇ ਸਨ, ਜਿਸ ਨਾਲ ਹਮਲੇ ਬੇਅਸਰ ਹੋ ਸਕਦੇ ਸਨ।

ਇਸ ਤੋਂ ਇਲਾਵਾ, ਅਮਰੀਕੀ ਜੰਗੀ ਸਮੁੰਦਰੀ ਜਹਾਜ਼ ਦੀ ਸਥਿਤੀ ਦਾ ਖ਼ੁਲਾਸਾ ਹੋ ਸਕਦਾ ਸੀ ਅਤੇ ਇਸ ਨਾਲ ਹੂਥੀ ਇਨ੍ਹਾਂ ਨੂੰ ਪਹਿਲਾਂ ਹੀ ਨਿਸ਼ਾਨਾ ਬਣਾ ਸਕਦੇ ਸਨ, ਜੋ ਇਕ ਹੋਰ ਵੱਡੀ ਚਿੰਤਾ ਹੈ। ਅਮਰੀਕੀ ਨੈਸ਼ਨਲ ਸਿਕਿਉਰਿਟੀ ਕੌਂਸਲ ਇਸ ਦੀ ਜਾਂਚ ਕਰ ਰਹੀ ਹੈ।