ਕੈਨੇਡਾ ਦੀ ਫੌਜ ਵਿੱਚ PR ਭਰਤੀ: ਇੰਡੀਆ ਮੂਲ ਦੇ ਲੋਕਾਂ ਦੀ ਸਭ ਤੋਂ ਵੱਧ ਹਿਸੇਦਾਰੀ

Sea7 Australia Team
4 Min Read

ਕੈਨੇਡਾ ਦੀਆਂ ਵੱਖ-ਵੱਖ ਆਰਮਡ ਫ਼ੋਰਸਿਜ਼ (ਆਰਮੀ, ਨੇਵੀ ਅਤੇ ਏਅਰ ਫੋਰਸ) ਵਿੱਚ ਭਰਤੀ ਹੋਣ ਵਾਲੇ ਗ਼ੈਰ ਨਾਗਰਿਕਾਂ ਵਿੱਚੋਂ ਇੰਡੀਆ ਮੂਲ ਦੇ ਲੋਕ ਮੋਹਰੀ ਹਨ। ਕੈਨੇਡੀਅਨ ਸਰਕਾਰ ਦੇ ਨੈਸ਼ਨਲ ਡਿਫੈਂਸ ਮੰਤਰਾਲੇ ਵੱਲੋਂ ਰੇਡੀਓ ਕੈਨੇਡਾ ਇੰਟਰਨੈਸ਼ਨਲ ਨੂੰ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਲੰਘੇ ਵਿੱਤੀ ਵਰ੍ਹੇ ਦੌਰਾਨ 332 ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟ (PR) ਵਿਅਕਤੀ ਆਰਮਡ ਫੋਰਸਜ਼ ਵਿੱਚ ਭਰਤੀ ਹੋਏ ਹਨ, ਜੋ ਕਿ ਇੰਡੀਆ ਮੂਲ ਦੇ ਹਨ।

ਇੰਡੀਆ ਤੋਂ ਬਾਅਦ ਅਗਲਾ ਨੰਬਰ ਅਫ਼ਰੀਕਨ ਦੇਸ਼ ਕੈਮਰੂਨ ਦਾ ਹੈ, ਜਿੱਥੋਂ ਦੇ 178 ਵਿਅਕਤੀ ਕੈਨੇਡੀਅਨ ਆਰਮਡ ਫੋਰਸਜ਼ ਦਾ ਹਿੱਸਾ ਬਣੇ ਹਨ। 146 ਦੇ ਅੰਕੜੇ ਨਾਲ ਫਿਲੀਪਾਈਨਜ਼ ਇਸ ਸੂਚੀ ਵਿੱਚ ਤੀਜੇ ਸਥਾਨ ’ਤੇ ਹੈ।

ਦੱਸਣਯੋਗ ਹੈ ਕਿ 2022 ਵਿੱਚ, ਫੈਡਰਲ ਸਰਕਾਰ ਨੇ ਦੇਸ਼ ਦੇ ਮੁੱਖ ਰੱਖਿਆ ਅਧਿਕਾਰੀ ਵੱਲੋਂ ਫ਼ੌਜੀਆਂ ਦੀ ਘਾਟ ਦੀ ਚਿਤਾਵਨੀ ਦਿੱਤੇ ਜਾਣ ਤੋਂ ਬਾਅਦ ਪਰਮਾਨੈਂਟ ਰੈਜ਼ੀਡੈਂਟ PR ਦੇ ਫ਼ੌਜ ਵਿੱਚ ਭਰਤੀ ਹੋਣ ’ਤੇ ਪਾਬੰਦੀ ਹਟਾ ਦਿੱਤੀ ਸੀ। ਕੈਨੇਡੀਅਨ ਆਰਮਡ ਫ਼ੋਰਸਜ਼ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਅਜਿਹੇ ਵਿਅਕਤੀ ਜੋ ਕੈਨੇਡਾ ਦੇ ਨਾਗਰਿਕ ਨਾ ਹੋ ਕੇ ਸਿਰਫ਼ PR ਹਨ, 90 ਤੋਂ ਵੱਧ ਅਹੁਦਿਆਂ ਉੱਪਰ ਆਪਣੀਆਂ ਸੇਵਾਵਾਂ ਦੇ ਸਕਦੇ ਹਨ।

ਪਬਲਿਕ ਅਫੇਅਰਜ਼ ਅਫ਼ਸਰ, ਲੈਫ਼ਟੀਨੈਂਟ-ਕਮਾਂਡਰ ਲੀਸਾ ਟੱਬ ਮੁਤਾਬਿਕ PR ਵਿਅਕਤੀ ਅਜਿਹੇ ਕਿੱਤਿਆਂ ਲਈ ਅਰਜ਼ੀ ਨਹੀਂ ਦੇ ਸਕਦੇ ਜੋ ਟੋਪ ਸੀਕ੍ਰੇਟ ਹੁੰਦੇ ਹਨ ਜਾਂ ਜਿਨ੍ਹਾਂ ਲਈ ਉੱਚ ਸੁਰੱਖਿਆ ਪ੍ਰਵਾਨਗੀ ਦੀ ਲੋੜ ਹੁੰਦੀ ਹੈ। ਜਾਣਕਾਰੀ ਅਨੁਸਾਰ ਹਰ ਬਿਨੈਕਾਰ ਭਾਵੇਂ ਉਹ ਕੈਨੇਡੀਅਨ ਨਾਗਰਿਕ ਹੋਵੇ ਜਾਂ ਕੈਨੇਡਾ ਦਾ PR, ਨੂੰ ਇੱਕ ਸੁਰੱਖਿਆ ਜਾਂਚ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪੈਂਦਾ ਹੈ। ਜਦੋਂ ਪਰਮਾਨੈਂਟ ਰੈਜ਼ੀਡੈਂਟ ਅਰਜ਼ੀ ਦਿੰਦੇ ਹਨ ਤਾਂ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਨੂੰ ਉਨ੍ਹਾਂ ਦੀਆਂ ਫਾਈਲਾਂ ਹੈਂਡਲ ਕਰਨ ਵਿੱਚ 18 ਤੋਂ 24 ਮਹੀਨੇ ਲੱਗ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਵਿਦੇਸ਼ੀ ਪ੍ਰਭਾਵਾਂ ਦੇ ਕਾਰਨ ਵਾਧੂ ਪੱਧਰ ਦੀ ਸੁਰੱਖਿਆ ਜਾਂਚ ਦੀ ਲੋੜ ਹੋ ਸਕਦੀ ਹੈ।

ਫ਼ੋਰਸ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦੇਣ ਵਾਲਾ ਹਰ ਕੋਈ ਕੈਨੇਡਾ ਫੋਰਸਿਸ ਦੀ ਵੈੱਬਸਾਈਟ ਰਾਹੀਂ ਔਨਲਾਈਨ ਅਰਜ਼ੀ ਜਮ੍ਹਾਂ ਕਰਵਾ ਸਕਦਾ ਹੈ। ਕੈਨੇਡੀਅਨ ਆਰਮਡ ਫੋਰਸਜ਼ ਵਿੱਚ ਨਾਨ ਕਮਿਸ਼ਨਡ ਅਫ਼ਸਰ ਭਰਤੀ ਹੋਣ ਦੀ ਘੱਟੋ-ਘੱਟ ਉਮਰ 17 ਸਾਲ ਜਦਕਿ ਅਫ਼ਸਰ ਵਜੋਂ ਭਰਤੀ ਹੋਣ ਦੀ ਘੱਟੋ ਘੱਟ ਉਮਰ 16 ਸਾਲ ਹੈ। PR ਵਿਅਕਤੀਆਂ ਨੂੰ ਕੈਨੇਡਾ ਵਿੱਚ ਤਿੰਨ ਸਾਲ ਤੋਂ ਰਹਿੰਦੇ ਹੋਣ ਦੀ ਸ਼ਰਤ ਲਾਜ਼ਮੀ ਹੈ। ਕੈਨੇਡੀਅਨ ਆਰਮਡ ਫ਼ੋਰਸਜ਼ ਵਿੱਚ ਭਰਤੀ ਹੋਣ ਵਾਲਿਆਂ ਨੂੰ ਵਧੀਆ ਤਨਖ਼ਾਹ ਦੇ ਨਾਲ ਨਾਲ ਕਈ ਤਰ੍ਹਾਂ ਦੇ ਭੱਤੇ ਵੀ ਮਿਲਦੇ ਹਨ।
ਲੰਘੇ ਸਾਲ ਕੈਨੇਡੀਅਨ ਫ਼ੌਜ ਵਿਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ, ਪਰ ਇਸ ਵਾਧੇ ਦੇ ਬਾਵਜੂਦ ਫ਼ੌਜ ਅਜੇ ਵੀ ਉਨ੍ਹਾਂ ਭਰਤੀ ਟੀਚਿਆਂ ਤੱਕ ਨਹੀਂ ਪਹੁੰਚ ਸਕੀ ਜੋ ਕਰੀਬ ਇੱਕ ਦਹਾਕੇ ਪਹਿਲਾਂ ਤੈਅ ਕੀਤੇ ਗਏ ਸਨ। ਪਿਛਲੇ ਸਾਲ 7,310 ਬਿਨੈਕਾਰ ਫੁੱਲ-ਟਾਈਮ ਲਈ ਫ਼ੌਜ ਵਿੱਚ ਭਰਤੀ ਕੀਤੇ ਗਏ, ਜੋ ਕਿ ਵਿਭਾਗ ਦੀ ਉਮੀਦ ਤੋਂ ਵੀ ਵੱਧ ਹੈ।

ਇਹ ਪਿਛਲੇ ਤਿੰਨ ਦਹਾਕਿਆਂ ਵਿੱਚ ਸਭ ਤੋਂ ਵੱਡੀ ਭਰਤੀ ਮੰਨੀ ਜਾ ਰਹੀ ਹੈ। ਇਸ ਜ਼ਬਰਦਸਤ ਵਾਧੇ ਦੇ ਬਾਵਜੂਦ, ਫ਼ੌਜ ਅਜੇ ਵੀ 2017 ਦੀ ਰੱਖਿਆ ਨੀਤੀ ਦੇ ਟੀਚਿਆਂ ਤੋਂ ਕੁਝ ਹਜ਼ਾਰ ਫ਼ੌਜੀ ਘੱਟ ਹੈ। ਉਸ ਨੀਤੀ ਅਨੁਸਾਰ 71,500 ਫੁੱਲ-ਟਾਈਮ ਅਤੇ 30,000 ਰਿਜ਼ਰਵ ਸੈਨਿਕ ਹੋਣੇ ਚਾਹੀਦੇ ਹਨ। ਇਸ ਵੇਲੇ ਫੁੱਲ-ਟਾਈਮ ਸੈਨਿਕਾਂ ਦੀ ਗਿਣਤੀ 67,827 ਹੈ, ਜੋ ਕਿ ਟੀਚੇ ਤੋਂ 3,600 ਘੱਟ ਹੈ। ਰਿਜ਼ਰਵ ਵਿੱਚ 25,054 ਜਵਾਨ ਹਨ, ਜੋ ਕਿ ਲਗਪਗ 4,946 ਘੱਟ ਹਨ।

ਬਹੁਤ ਸਾਰੇ ਨਵੇਂ ਭਰਤੀ ਹੋਣ ਵਾਲੇ ਰਿਕਰੂਟ ਟ੍ਰੇਨਿੰਗ ਪ੍ਰਾਪਤ ਕਰਨ ਵਿਚ ਦੇਰੀ ਅਤੇ ਆਪਣੀ ਪਸੰਦ ਦੀ ਨੌਕਰੀ ਨਾ ਮਿਲਣ ਕਰਕੇ ਜਲਦੀ ਹੀ ਫ਼ੌਜ ਦੀ ਨੌਕਰੀ ਛੱਡ ਕੇ ਚਲੇ ਜਾਂਦੇ ਹਨ। ਇਹ ਤੱਥ 2025 ਦੌਰਾਨ ਇੱਕ ਲੀਕ ਹੋਈ ਫ਼ੌਜੀ ਰਿਪੋਰਟ ਵਿੱਚ ਸਾਹਮਣੇ ਆਇਆ ਸੀ। 2023-24 ਦੇ ਵਿੱਤੀ ਸਾਲ ਵਿਚ 9.4% ਨਵੇਂ ਭਰਤੀ ਹੋਏ ਮੈਂਬਰਾਂ ਨੇ ਫ਼ੌਜ ਦੀ ਨੌਕਰੀ ਛੱਡੀ ਜਦਕਿ ਬਾਕੀ ਸਾਰੀਆਂ ਫ਼ੋਰਸਾਂ ਦੀ ਇਹ ਔਸਤ 4.3% ਸੀ।

Share This Article
Leave a Comment

Leave a Reply

Your email address will not be published. Required fields are marked *