ਮੈੱਲਬਰਨ : OpenAI ਦੇ ਚੀਫ ਸਟ੍ਰੈਟੇਜੀ ਅਫਸਰ Jason Kwon ਨੇ ਆਸਟ੍ਰੇਲੀਆ ਦੇ ਸਿਡਨੀ ’ਚ ਹੋਈ ਇੱਕ ਪਾਰਲੀਮੈਂਟਰੀ ਸੁਣਵਾਈ ਦੌਰਾਨ ਹਾਲ ਹੀ ’ਚ ਹੋਏ Medicare ਡੇਟਾ ਹੈਕ ਲਈ ਜਨਤਕ ਤੌਰ ’ਤੇ ਮੁਆਫੀ ਮੰਗੀ ਹੈ। ਇਸ ਵਿਵਾਦ ਨੂੰ ਸੁਲਝਾਉਣ ਅਤੇ ਲੋਕਾਂ ਦਾ ਭਰੋਸਾ ਮੁੜ ਜਿੱਤਣ ਲਈ ਉਹ ਖਾਸ ਤੌਰ ’ਤੇ ਆਸਟ੍ਰੇਲੀਆ ਪਹੁੰਚੇ ਸਨ।
ABC News ਦੀ ਰਿਪੋਰਟ ਅਨੁਸਾਰ Jason Kwon ਨੇ ਮੰਨਿਆ ਕਿ OpenAI ਨੂੰ ਆਸਟ੍ਰੇਲੀਅਨ ਸਰਕਾਰ ਨੂੰ ਇਸ ਡੇਟਾ ਬ੍ਰੀਚ ਬਾਰੇ ਜਲਦੀ ਜਾਣਕਾਰੀ ਦੇਣੀ ਚਾਹੀਦੀ ਸੀ। ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਕਿ OpenAI ਦੇ CEO Sam Altman ਨੂੰ ਵੀ ਇਸ ਹੈਕ ਬਾਰੇ ਉਦੋਂ ਕੋਈ ਜਾਣਕਾਰੀ ਨਹੀਂ ਸੀ ਜਦੋਂ ਉਨ੍ਹਾਂ ਨੇ 1 ਸਤੰਬਰ ਨੂੰ Deputy Prime Minister Richard Marles ਨਾਲ ਮੁਲਾਕਾਤ ਕੀਤੀ ਸੀ। ਇਸ ਦੇ ਨਾਲ ਹੀ, Kwon ਇਸ ਗੱਲ ਦਾ ਕੋਈ ਠੋਸ ਜਵਾਬ ਨਹੀਂ ਦੇ ਸਕੇ ਕਿ ਆਸਟ੍ਰੇਲੀਆ ਦੇ ਲੋਕ AI ਤਕਨੀਕ ’ਤੇ ਦੁਨੀਆ ’ਚ ਸਭ ਤੋਂ ਵੱਧ ਬੇਭਰੋਸਗੀ ਕਿਉਂ ਦਿਖਾਉਂਦੇ ਹਨ। ਇਸੇ ਸੁਣਵਾਈ ਦੌਰਾਨ, ਵਿਰੋਧੀ AI ਕੰਪਨੀ Anthropic ਦੇ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਕੰਪਨੀ ਨਾਲ ਅਜਿਹਾ ਹੁੰਦਾ, ਤਾਂ ਉਹ ਸਰਕਾਰ ਨੂੰ ਤੁਰੰਤ ਇਸ ਦਾ ਖੁਲਾਸਾ ਕਰਦੇ।
- AI ਕੰਪਨੀਆਂ ਨੇ ਆਸਟ੍ਰੇਲੀਆ ’ਚ ਮੌਜੂਦਾ ਕਾਪੀਰਾਈਟ ਕਾਨੂੰਨਾਂ ਨੂੰ ਦੱਸਿਆ ਵੱਡੀ ਰੁਕਾਵਟ
Anthropic ਦੇ ਅੰਤਰਰਾਸ਼ਟਰੀ ਦੂਤ Jeff Bleich ਨੇ ਆਸਟ੍ਰੇਲੀਆ ’ਚ ਆਪਣੀ AI ਨੂੰ ਟ੍ਰੇਨ ਕਰਨ ਦੀ ਇੱਛਾ ਜਤਾਈ, ਪਰ ਮੌਜੂਦਾ ਕਾਪੀਰਾਈਟ ਕਾਨੂੰਨਾਂ ਨੂੰ ਇੱਕ ਵੱਡੀ ਰੁਕਾਵਟ ਦੱਸਿਆ। ਸੁਣਵਾਈ ਦੇ ਅੰਤ ਵਿੱਚ, Google ਅਤੇ Microsoft ਵਰਗੀਆਂ ਵੱਡੀਆਂ ਕੰਪਨੀਆਂ ਨੇ ਵੀ ਬਹੁਤ ਜ਼ਿਆਦਾ ਸਖ਼ਤ ਰੈਗੂਲੇਸ਼ਨ ਤੋਂ ਬਚਣ ਅਤੇ ਮੌਜੂਦਾ ਪ੍ਰਾਈਵੇਸੀ ਕਾਨੂੰਨਾਂ ਨੂੰ ਅਪਡੇਟ ਕਰਨ ਦੀ ਸਲਾਹ ਦਿੱਤੀ।
- ਕਲਾਕਾਰਾਂ ਅਤੇ ਲੇਖਕਾਂ ਨੇ AI ਕੰਪਨੀਆਂ ਨੂੰ ਲੁਭਾਉਣ ਲਈ ਕਾਪੀਰਾਈਟ ਕਾਨੂੰਨਾਂ ’ਚ ਢਿੱਲ ਦੇਣ ਦੇ ਸੁਝਾਵਾਂ ਦਾ ਸਖ਼ਤ ਵਿਰੋਧ ਕੀਤਾ
ਦੂਜੇ ਪਾਸੇ, ਕਲਾਕਾਰਾਂ ਅਤੇ ਲੇਖਕਾਂ ਨੇ AI ਕੰਪਨੀਆਂ ਨੂੰ ਲੁਭਾਉਣ ਲਈ ਕਾਪੀਰਾਈਟ ਕਾਨੂੰਨਾਂ ’ਚ ਢਿੱਲ ਦੇਣ ਦੇ ਸੁਝਾਵਾਂ ਦਾ ਸਖ਼ਤ ਵਿਰੋਧ ਕੀਤਾ ਹੈ। ARIA ਦੀ ਮੁਖੀ Annabelle Herd ਅਤੇ Australian Writers’ Guild ਦੀ Claire Pullen ਨੇ ਸਪੱਸ਼ਟ ਕੀਤਾ ਕਿ ਕਲਾਕਾਰਾਂ ਨੂੰ ਸਿਰਫ਼ ਮੁਆਵਜ਼ਾ ਹੀ ਨਹੀਂ, ਸਗੋਂ ਇਸ ਗੱਲ ‘ਤੇ ਪੂਰਾ ਕੰਟਰੋਲ ਚਾਹੀਦਾ ਹੈ ਕਿ AI ਕੰਪਨੀਆਂ ਉਨ੍ਹਾਂ ਦੇ ਕੰਮ ਦੀ ਵਰਤੋਂ ਕਿਵੇਂ ਕਰਦੀਆਂ ਹਨ।
