ਮੈੱਲਬਰਨ : ਆਸਟ੍ਰੇਲੀਆ ’ਚ ਇੱਕ ਤਾਜ਼ਾ NSW parliamentary inquiry ਨੇ ਵੱਡਾ ਖੁਲਾਸਾ ਕੀਤਾ ਹੈ। ਰਿਪੋਰਟ ਮੁਤਾਬਕ, ਛੇ ਪ੍ਰਮੁੱਖ ਯੂਨੀਵਰਸਿਟੀਆਂ ਨੇ ਆਪਣੇ ਸਟਾਫ ਦੀ ਵੱਡੇ ਪੱਧਰ ’ਤੇ ਛਾਂਟੀ (job cuts) ਅਤੇ ਪੁਨਰਗਠਨ ਨੂੰ ਸਹੀ ਠਹਿਰਾਉਣ ਲਈ ਜਾਣਬੁੱਝ ਕੇ ਆਪਣੀਆਂ ਵਿੱਤੀ ਮੁਸ਼ਕਲਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ।
ਇਨ੍ਹਾਂ ਸੰਸਥਾਵਾਂ ’ਚ University of Wollongong (UOW), Macquarie University, University of Technology Sydney (UTS), University of Newcastle (UON), Charles Sturt University (CSU) ਅਤੇ Western Sydney University (WSU) ਸ਼ਾਮਲ ਹਨ। ਜਾਂਚ ’ਚ ਪਾਇਆ ਗਿਆ ਕਿ ਇਨ੍ਹਾਂ ਯੂਨੀਵਰਸਿਟੀਆਂ ਵੱਲੋਂ ਪੇਸ਼ ਕੀਤੇ ਗਏ ਵਿੱਤੀ ਅੰਕੜੇ ਅਤੇ ਭਵਿੱਖਬਾਣੀਆਂ ਉਨ੍ਹਾਂ ਦੇ ਅਸਲ ਆਡਿਟ ਕੀਤੇ ਖਾਤਿਆਂ ਨਾਲੋਂ ਕਿਤੇ ਵੱਧ ਖਰਾਬ ਸਨ।
ਉਦਾਹਰਣ ਵਜੋਂ, Macquarie University ਦੇ ਇੱਕ ਅੰਦਰੂਨੀ ਮਾਡਲ ’ਚ ਸਟਾਫ ਦੀ ਛਾਂਟੀ ਤੋਂ ਬਿਨਾਂ ਵੀ ਬੱਚਤ ਕਰਨ ਦਾ ਵਿਕਲਪ ਮੌਜੂਦ ਸੀ, ਪਰ ਮੈਨੇਜਮੈਂਟ ਨੇ ਪੂਰੀ ਤਰ੍ਹਾਂ ਨੌਕਰੀਆਂ ਖਤਮ ਕਰਨ ਦਾ ਰਸਤਾ ਚੁਣਿਆ। UOW ਦੇ ਸਾਬਕਾ ਪ੍ਰੋਫੈਸਰ Adam Lucas ਨੇ ਆਪਣਾ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਪੂਰੀ ਪ੍ਰਕਿਰਿਆ ਬਹੁਤ ਅਪਮਾਨਜਨਕ ਸੀ ਅਤੇ ਉਨ੍ਹਾਂ ਨੂੰ ਕਦੇ ਵੀ ਉਹ ਵਿੱਤੀ ਮਾਡਲ ਨਹੀਂ ਦਿਖਾਇਆ ਗਿਆ ਜਿਸ ਦੇ ਆਧਾਰ ’ਤੇ ਉਨ੍ਹਾਂ ਦਾ ਵਿਭਾਗ ਬੰਦ ਕੀਤਾ ਗਿਆ।
ਹਾਲਾਂਕਿ, ਯੂਨੀਵਰਸਿਟੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਨ੍ਹਾਂ ਦਾ ਤਰਕ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਣ ਅਤੇ ਵੱਧ ਰਹੇ ਖਰਚਿਆਂ ਕਾਰਨ ਉਨ੍ਹਾਂ ਨੂੰ ਅਸਲ ’ਚ ਕਈ ਮਿਲੀਅਨ ਡਾਲਰਾਂ ਦੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਰ ਕੇ ਇਹ ਕਦਮ ਚੁੱਕਣੇ ਪਏ।
Inquiry chair Sarah Kaine ਨੇ ਯੂਨੀਵਰਸਿਟੀਆਂ ਦੇ ਇਸ ਰਵੱਈਏ ਨੂੰ ਨਕਲੀ ਸੰਕਟ ਦੀ ਕਹਾਣੀ ਕਰਾਰ ਦਿੱਤਾ ਹੈ। NTEU NSW ਦੇ ਆਗੂ Vince Caughley ਨੇ ਇਸ ਨੂੰ ਪ੍ਰਬੰਧਕੀ ਸੰਕਟ ਦੱਸਦਿਆਂ ਪਾਰਦਰਸ਼ਤਾ ਦੀ ਮੰਗ ਕੀਤੀ ਹੈ। ਫਿਲਹਾਲ, ਸਟੇਟ ਸਰਕਾਰ ਨੇ ਦਸੰਬਰ ਤੱਕ ਇਸ ਰਿਪੋਰਟ ਦਾ ਜਵਾਬ ਦੇਣਾ ਹੈ ਅਤੇ ICAC ਵੱਲੋਂ ਵੀ ਮਾਮਲੇ ਦੀ ਜਾਂਚ ਜਾਰੀ ਹੈ।
