ਬ੍ਰਿਸਬੇਨ: ਕੁਈਨਜ਼ਲੈਂਡ ਦੇ ਬਹੁ-ਚਰਚਿਤ Toyah Cordingley ਕਤਲ ਕੇਸ ’ਚ ਦੋਸ਼ੀ ਠਹਿਰਾਏ ਗਏ Innisfail ਦੇ ਸਾਬਕਾ ਨਰਸ ਰਾਜਵਿੰਦਰ ਸਿੰਘ ਨੇ ਆਪਣੀ ਸਜ਼ਾ ਅਤੇ ਦੋਸ਼ਾਂ ਖ਼ਿਲਾਫ਼ ਸੁਪੀਰੀਮ ਕੋਰਟ ’ਚ ਅਪੀਲ ਦਾਇਰ ਕੀਤੀ ਹੈ। ਅਦਾਲਤ ’ਚ ਇਸ ਅਪੀਲ ’ਤੇ ਸੁਣਵਾਈ ਦੌਰਾਨ ਉਸ ਦੇ ਵਕੀਲ ਨੇ ਟ੍ਰਾਇਲ ਦੌਰਾਨ ਹੋਈਆਂ ਕਈ ਪ੍ਰਕਿਰਿਆਤਮਕ ਖਾਮੀਆਂ ਦਾ ਹਵਾਲਾ ਦਿੱਤਾ।
ਰਾਜਵਿੰਦਰ ਸਿੰਘ ਦੇ ਵਕੀਲ Saul Holt KC ਨੇ ਦਲੀਲ ਦਿੱਤੀ ਕਿ ਕੇਸ ਦੀ ਸੁਣਵਾਈ ਦੌਰਾਨ ਜੱਜ Justice Lincoln Crowley ਨੇ ਬਿਨਾਂ ਪੂਰੀ ਪੜਤਾਲ ਕੀਤੇ ਇੱਕ ਜਿਊਰੀ ਮੈਂਬਰ ਨੂੰ ਹਟਾ ਦਿੱਤਾ ਸੀ। ਇੱਕ ਹੋਰ ਜਿਊਰੀ ਮੈਂਬਰ ਵੱਲੋਂ ਪੁਲਿਸ ਪ੍ਰਤੀ ਪੱਖਪਾਤ ਦੇ ਲਾਏ ਦੋਸ਼ਾਂ ਵਾਲੀ ਚਿੱਠੀ ਦੇ ਆਧਾਰ ’ਤੇ ਇਹ ਕਦਮ ਚੁੱਕਿਆ ਗਿਆ ਸੀ, ਜਿਸ ਨੂੰ ਬਚਾਅ ਪੱਖ ਨੇ ਕਾਨੂੰਨੀ ਤੌਰ ’ਤੇ ਵੱਡੀ ਭੁੱਲ ਕਰਾਰ ਦਿੱਤਾ।
ਇਸ ਤੋਂ ਇਲਾਵਾ, ਬਚਾਅ ਪੱਖ ਨੇ Wangetti Beach ਦੇ ਦੌਰੇ ਦੌਰਾਨ ਜਿਊਰੀ ਦੇ ਵੱਖ-ਵੱਖ ਛੋਟੇ ਗਰੁੱਪਾਂ ’ਚ ਵੰਡੇ ਜਾਣ ’ਤੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਇਸ ਨਾਲ ਸਬੂਤਾਂ ਨੂੰ ਸਾਂਝੇ ਤੌਰ ’ਤੇ ਸਮਝਣ ਦੀ ਪ੍ਰਕਿਰਿਆ ਪ੍ਰਭਾਵਿਤ ਹੋਈ। ਵਕੀਲ ਨੇ 25 ਸਾਲ ਦੀ ਬਿਨਾਂ ਪੈਰੋਲ ਵਾਲੀ ਉਮਰ ਕੈਦ ਦੀ ਸਜ਼ਾ ਨੂੰ ਵੀ ਲੋੜ ਤੋਂ ਵੱਧ ਸਖ਼ਤ ਕਰਾਰ ਦਿੰਦਿਆਂ ਇਸ ’ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ।
ਦੂਜੇ ਪਾਸੇ, ਸਰਕਾਰੀ ਵਕੀਲ Todd Fuller KC ਨੇ ਸੁਣਵਾਈ ਦਾ ਬਚਾਅ ਕਰਦੇ ਹੋਏ ਕਿਹਾ ਕਿ ਜੱਜ ਨੇ ਜਿਊਰੀ ਦੀ ਸੁਤੰਤਰਤਾ ਬਣਾਈ ਰੱਖਣ ਲਈ ਸਹੀ ਫ਼ੈਸਲਾ ਲਿਆ ਸੀ ਅਤੇ ਬੀਚ ਦੇ ਦੌਰੇ ਦੌਰਾਨ ਵੀ ਜਿਊਰੀ ਪੂਰੀ ਤਰ੍ਹਾਂ ਅਦਾਲਤ ਦੀ ਨਿਗਰਾਨੀ ਹੇਠ ਸੀ। ਹੁਣ ਅਪੀਲ ਅਦਾਲਤ ਦੇ ਤਿੰਨ ਜੱਜਾਂ ਵੱਲੋਂ ਮਾਮਲੇ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਅੰਤਿਮ ਫ਼ੈਸਲਾ ਆਉਣ ਵਾਲੇ ਕੁਝ ਹਫ਼ਤਿਆਂ ’ਚ ਆਉਣ ਦੀ ਉਮੀਦ ਹੈ।
