- ਮੱਖੀ ਦੇ ਉੱਡ ਜਾਣ ਤੋਂ ਬਾਅਦ ਵੀ ਉਸ ਦਾ ਡੰਗ ਲਗਾਤਾਰ ਜ਼ਹਿਰ ਕਿਉਂ ਛੱਡਦਾ ਰਹਿੰਦਾ ਹੈ?
- ਮੈਡੀਕਲ ਖੇਤਰ ਲਈ ਬਣੇਗਾ ਵਰਦਾਨ
ਮੈੱਲਬਰਨ : Macquarie University ਅਤੇ UNSW ਦੇ ਆਸਟ੍ਰੇਲੀਅਨ ਵਿਗਿਆਨੀਆਂ ਨੇ ਆਖਰਕਾਰ ਇਹ ਪਤਾ ਲਗਾ ਲਿਆ ਹੈ ਕਿ ਮਧੂ ਮੱਖੀ ਦੇ ਉੱਡ ਜਾਣ ਤੋਂ ਬਾਅਦ ਵੀ ਉਸ ਦਾ ਡੰਗ ਲਗਾਤਾਰ ਜ਼ਹਿਰ ਕਿਉਂ ਛੱਡਦਾ ਰਹਿੰਦਾ ਹੈ! ਖੋਜਕਰਤਾਵਾਂ ਨੇ ਹਾਈ-ਸਪੀਡ ਵੀਡੀਓ ਰਾਹੀਂ ਪਹਿਲੀ ਵਾਰ ਸਰੀਰ ਤੋਂ ਵੱਖ ਹੋਏ ਡੰਗ ਨੂੰ ਲਗਾਤਾਰ ਜ਼ਹਿਰ ਪੰਪ ਕਰਦੇ ਹੋਏ ਕੈਦ ਕੀਤਾ ਹੈ। PNAS ਜਰਨਲ ’ਚ ਛਪੀ ਇਸ ਖੋਜ ਦੀ ਮੁੱਖ ਲੇਖਕ Dr Ramirez-Esquivel ਮੁਤਾਬਕ, ਡੰਗ ਦੇ ਅੰਦਰਲੇ ਛੋਟੇ ਵਾਲਵ ਇੱਕ ‘ਡਬਲ ਪਿਸਟਨ’ ਵਾਂਗ ਕੰਮ ਕਰਦੇ ਹਨ। ਇਹ ਖਾਸ ਵਾਲਵ ਉਲਟ ਦਿਸ਼ਾਵਾਂ ’ਚ ਚਲਦੇ ਹਨ ਅਤੇ ਪੈਰਾਸ਼ੂਟ ਵਾਂਗ ਆਕਾਰ ਬਦਲ ਕੇ ਲਗਾਤਾਰ ਚਮੜੀ ਦੇ ਅੰਦਰ ਜ਼ਹਿਰ ਧੱਕਦੇ ਰਹਿੰਦੇ ਹਨ। ਇਹ ਡੰਗ ਇੱਕ ਅਜਿਹੀ ਕਮਾਲ ਦੀ ਕੰਪੈਕਟ ਮਸ਼ੀਨ ਹੈ, ਜੋ ਮੱਖੀ ਦੇ ਸਰੀਰ ਤੋਂ ਬਿਨਾਂ ਵੀ ਆਪਣੇ ਆਪ ਕੰਮ ਕਰਨਾ ਬਾਖੂਬੀ ਜਾਣਦੀ ਹੈ। ਕੁਦਰਤ ਦਾ ਇਹ ਅਦਭੁਤ ਡਿਜ਼ਾਈਨ ਭਵਿੱਖ ’ਚ ਨਵੀਂ ਮੈਡੀਕਲ ਤਕਨਾਲੋਜੀ, ਖਾਸ ਕਰਕੇ ਬਿਹਤਰ ਇਨਸੁਲਿਨ ਪੰਪ ਬਣਾਉਣ ਲਈ ਇੱਕ ਵੱਡੀ ਪ੍ਰੇਰਣਾ ਬਣੇਗਾ।
