ਸਿਡਨੀ: ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (NSW) ਸਟੇਟ ’ਚ ਬਸੰਤ ਰੁੱਤ ਦੀ ਅਚਾਨਕ ਆਈ ਗਰਮੀ ਦੀ ਲਹਿਰ ਅਤੇ ਕੋਲਾ ਬਿਜਲੀ ਪਲਾਂਟਾਂ ’ਚ ਆਈ ਖਰਾਬੀ ਨੇ ਘਰੇਲੂ ਬੈਟਰੀ ਮਾਲਕਾਂ ਦੀ ਚਾਂਦੀ ਕਰ ਦਿੱਤੀ ਹੈ। ਸੋਮਵਾਰ ਦੁਪਹਿਰ ਨੂੰ National Energy Market (NEM) ਵਿੱਚ ਬਿਜਲੀ ਦੀਆਂ ਕੀਮਤਾਂ ਅਚਾਨਕ ਅਸਮਾਨੀ ਚੜ੍ਹ ਗਈਆਂ, ਜਿਸ ਦਾ ਫਾਇਦਾ ਉਠਾਉਂਦੇ ਹੋਏ ਸੋਲਰ ਪੈਨਲ ਅਤੇ ਬੈਟਰੀਆਂ ਰੱਖਣ ਵਾਲੇ ਘਰਾਂ ਨੇ ਵਾਧੂ ਬਿਜਲੀ ਗਰਿੱਡ ਨੂੰ ਵੇਚ ਕੇ ਸਿਰਫ਼ ਦੋ ਘੰਟਿਆਂ ਵਿੱਚ 2 ਮਿਲੀਅਨ ਡਾਲਰ ਕਮਾ ਲਏ।
ਸਿਡਨੀ ਦੇ Observatory Hill ਵਿਖੇ ਤਾਪਮਾਨ 34.7 ਡਿਗਰੀ ਤੱਕ ਪਹੁੰਚ ਗਿਆ, ਜਿਸ ਨਾਲ ਬਿਜਲੀ ਦੀ ਮੰਗ ਇੱਕਦਮ ਵੱਧ ਗਈ। ਇਸੇ ਦੌਰਾਨ NSW ਦੇ 12 ਕੋਲਾ ਪਲਾਂਟਾਂ ’ਚੋਂ 4 ਬੰਦ ਸਨ ਅਤੇ 2 ਘੱਟ ਸਮਰੱਥਾ ’ਤੇ ਚੱਲ ਰਹੇ ਸਨ। GridScout ਅਨੁਸਾਰ, ਟਰਾਂਸਮਿਸ਼ਨ ਲਾਈਨਾਂ ਦੀ ਮੁਰੰਮਤ ਕਾਰਨ ਨਵਿਆਉਣਯੋਗ ਊਰਜਾ ਦੀ ਸਪਲਾਈ ’ਚ ਵੀ ਰੁਕਾਵਟ ਆਈ। ਸਿੱਟੇ ਵਜੋਂ, ਦੁਪਹਿਰ 3:30 ਵਜੇ ਦੇ ਕਰੀਬ ਬਿਜਲੀ ਦੀਆਂ ਕੀਮਤਾਂ 23,107 ਡਾਲਰ ਪ੍ਰਤੀ ਮੈਗਾਵਾਟ ਘੰਟਾ (MWh) ਦੇ ਸਿਖਰ ’ਤੇ ਪਹੁੰਚ ਗਈਆਂ।
Amber Electric ਦੇ Co-CEO Dan Adams ਨੇ ਦੱਸਿਆ ਕਿ ਉਨ੍ਹਾਂ ਦੇ 30,000 ਕਸਟਮਰਜ਼ ਨੇ ਇਸ ਮੌਕੇ ਦਾ ਭਰਪੂਰ ਲਾਭ ਉਠਾਇਆ ਅਤੇ ਔਸਤਨ 69 ਡਾਲਰ ਪ੍ਰਤੀ ਗਾਹਕ ਕਮਾਏ, ਜਦਕਿ ਕਈਆਂ ਦੀ ਕਮਾਈ 500 ਡਾਲਰ ਤੋਂ ਵੀ ਟੱਪ ਗਈ।
ਹੋਲਸੇਲ ਬਿਜਲੀ ਬਾਜ਼ਾਰ ਦੇ ਡਿਜ਼ਾਈਨਰ Dave Smith ਨੇ ਕਿਹਾ ਕਿ ਹਜ਼ਾਰਾਂ ਘਰੇਲੂ ਬੈਟਰੀਆਂ ਦੇ ਇੱਕੋ ਸਮੇਂ ਬਿਜਲੀ ਵੇਚਣ ਅਤੇ ਰੋਕਣ ਕਾਰਨ ਕੀਮਤਾਂ ’ਚ ਭਾਰੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ, ਕਿਉਂਕਿ Australian Energy Market Operator (AEMO) ਕੋਲ ਇਨ੍ਹਾਂ ਬੈਟਰੀਆਂ ’ਤੇ ਸਿੱਧਾ ਕੰਟਰੋਲ ਨਹੀਂ ਹੈ।
AEMO ਦੇ CEO Daniel Westerman ਅਨੁਸਾਰ ਦੇਸ਼ ’ਚ 7 ਲੱਖ ਤੋਂ ਵੱਧ ਘਰੇਲੂ ਬੈਟਰੀਆਂ ਲੱਗ ਚੁੱਕੀਆਂ ਹਨ। ਦੂਜੇ ਪਾਸੇ, Green Energy Markets ਦੇ CEO Tristan Edis ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੀ El Niño ਗਰਮੀਆਂ ਤੋਂ ਪਹਿਲਾਂ ਬਿਜਲੀ ਗਰਿੱਡ ਦੀ ਸਥਿਰਤਾ ਲਈ ਨਵੀਆਂ ਟਰਾਂਸਮਿਸ਼ਨ ਲਾਈਨਾਂ ਅਤੇ ਪੌਣ ਊਰਜਾ ਦਾ ਵਿਕਾਸ ਬੇਹੱਦ ਜ਼ਰੂਰੀ ਹੈ।
