ਮੈੱਲਬਰਨ : Australia ’ਚ ਘਰਾਂ ਦੀ ਭਾਰੀ ਕਮੀ ਅਤੇ ਲਗਾਤਾਰ ਵਧ ਰਹੇ ਰੈਂਟ ਕਾਰਨ ਲੋਕ ਹੁਣ ਵੱਡੇ ਪਰਿਵਾਰਾਂ ਜਾਂ ਦੋਸਤਾਂ ਦੇ ਗਰੁੱਪ ਬਣਾ ਕੇ ਘਰ Rent ’ਤੇ ਲੈਣ ਲਈ ਮਜਬੂਰ ਹੋ ਰਹੇ ਹਨ। ABC News ਦੀ ਤਾਜ਼ਾ ਰਿਪੋਰਟ ਅਨੁਸਾਰ, ਪ੍ਰਾਪਰਟੀ ਬਾਜ਼ਾਰ ’ਚ ਘਰਾਂ ਦੀ ਘੱਟ ਉਪਲਬਧਤਾ ਨੇ ਟੇਨੈਂਟਸ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
Perth ਦੇ ਰਹਿਣ ਵਾਲੇ Grady Toomath ਲਈ ਆਪਣੇ ਭਰਾ ਅਤੇ ਇੱਕ ਹੋਰ ਸਾਥੀ ਨਾਲ ਘਰ ਸਾਂਝਾ ਕਰਨਾ ਕੋਈ ਸ਼ੌਕ ਨਹੀਂ, ਸਗੋਂ ਮਜਬੂਰੀ ਬਣ ਗਿਆ ਹੈ। 2019 ਤੋਂ ਹੁਣ ਤੱਕ ਉਨ੍ਹਾਂ ਦਾ ਹਫ਼ਤਾਵਾਰੀ ਕਿਰਾਇਆ 315 ਡਾਲਰ ਤੋਂ ਵਧ ਕੇ 715 ਡਾਲਰ (127 ਫੀਸਦੀ ਵਾਧਾ) ਹੋ ਗਿਆ ਹੈ। ਦੇਸ਼ ਦੇ ਪ੍ਰਮੁੱਖ ਸ਼ਹਿਰਾਂ ’ਚ ਘਰ ਦਾ ਔਸਤ ਹਫ਼ਤਾਵਾਰੀ ਕਿਰਾਇਆ ਹੁਣ 700 ਡਾਲਰ ਤੱਕ ਪਹੁੰਚ ਚੁੱਕਾ ਹੈ।
Brisbane ਦੇ ਰੀਅਲ ਅਸਟੇਟ ਏਜੰਟ Avi Khan ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ ’ਚ ਆਉਣ ਵਾਲੀਆਂ ਐਪਲੀਕੇਸ਼ਨਜ਼ ’ਚੋਂ ਹੁਣ ਹਰ ਪੰਜਵੀਂ ਅਰਜ਼ੀ ਸਾਂਝੇ ਪਰਿਵਾਰਾਂ ਜਾਂ ਦੋਸਤਾਂ ਦੇ ਗਰੁੱਪਾਂ ਦੀ ਹੁੰਦੀ ਹੈ। ਮਈ ਦੇ ਫੈਡਰਲ ਬਜਟ ’ਚ ਟੈਕਸ ਨਿਯਮਾਂ ’ਚ ਕੀਤੇ ਬਦਲਾਅ ਤੋਂ ਬਾਅਦ ਨਿਵੇਸ਼ਕ ਪ੍ਰਾਪਰਟੀ ਬਾਜ਼ਾਰ ਤੋਂ ਪਿੱਛੇ ਹਟ ਰਹੇ ਹਨ, ਜਿਸ ਨਾਲ ਇੱਕ ਘਰ ਲਈ ਹੁਣ 15 ਤੋਂ 20 ਐਪਲੀਕੇਸ਼ਨਜ਼ ਆ ਰਹੀਆਂ ਹਨ।
Queensland University of Technology ਦੀ ਸੀਨੀਅਰ ਲੈਕਚਰਾਰ Lyndall Bryant ਅਨੁਸਾਰ, ਸਤੰਬਰ ਤਿਮਾਹੀ ’ਚ ਦੇਸ਼ ਅੰਦਰ ਖਾਲੀ ਘਰਾਂ ਦੀ ਦਰ ਸਿਰਫ਼ 1 ਫੀਸਦੀ ਰਹਿ ਗਈ ਹੈ। Albanese ਸਰਕਾਰ ਦੀਆਂ ਨੀਤੀਆਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੀ ਮਦਦ ਤਾਂ ਕਰ ਰਹੀਆਂ ਹਨ, ਪਰ ਦੇਸ਼ ਦੇ 31 ਫੀਸਦੀ ਕਿਰਾਏਦਾਰਾਂ ਲਈ ਸੰਕਟ ਹੋਰ ਡੂੰਘਾ ਹੋ ਰਿਹਾ ਹੈ।
ਦੂਜੇ ਪਾਸੇ, Sydney ਦੇ ਅਕਾਊਂਟੈਂਟ ਅਤੇ ਮਕਾਨ ਮਾਲਕ Keegan Du Preez ਦਾ ਕਹਿਣਾ ਹੈ ਕਿ ਵਧਦੇ ਵਿਆਜ ਰੇਟ ਅਤੇ ਮੁਰੰਮਤ ਦੇ ਖਰਚਿਆਂ ਕਾਰਨ ਮਕਾਨ ਮਾਲਕਾਂ ’ਤੇ ਵੀ ਬੋਝ ਵਧਿਆ ਹੈ, ਜਿਸ ਕਰਕੇ ਮਜਬੂਰਨ ਕਿਰਾਏ ਵਧਾਉਣੇ ਪੈ ਰਹੇ ਹਨ।
