ਬੱਚਿਆਂ ਸਮੇਤ ਆਸਟ੍ਰੇਲੀਆ ਪਰਤੀਆਂ ISIS ਨਾਲ ਜੁੜੀਆਂ ਤਿੰਨ ਔਰਤਾਂ ਗ੍ਰਿਫ਼ਤਾਰ, ਲੱਗੇ ਗੰਭੀਰ ਦੋਸ਼

Sea7 Australia Team
2 Min Read

ਮੈਲਬਰਨ : ਮੈਲਬਰਨ ਅਤੇ ਸਿਡਨੀ ਹਵਾਈ ਅੱਡਿਆਂ ’ਤੇ ਆਸਟ੍ਰੇਲੀਆਈ ਫੈਡਰਲ ਪੁਲਿਸ ਨੇ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ’ਤੇ ਮਨੁੱਖਤਾ ਵਿਰੋਧੀ ਅਪਰਾਧ ਅਤੇ ਅੱਤਵਾਦ ਨਾਲ ਸੰਬੰਧਿਤ ਦੋਸ਼ ਲਗਾਏ ਗਏ ਹਨ। ਇਹ ਔਰਤਾਂ ਕਈ ਸਾਲਾਂ ਤੱਕ ਸੀਰੀਆ ਦੇ ਅਲ ਰੋਜ ਕੈਂਪ ਵਿੱਚ ਰਹਿਣ ਤੋਂ ਬਾਅਦ ਆਪਣੇ ਬੱਚਿਆਂ ਸਮੇਤ ਵੀਰਵਾਰ ਨੂੰ ਵਾਪਸ ਆਸਟ੍ਰੇਲੀਆ ਆਈਆਂ ਸਨ।

ਰਿਪੋਰਟਾਂ ਅਨੁਸਾਰ, ਮੈਲਬਰਨ ਪਰਤੀ 53 ਸਾਲ ਦੀ ਕੌਸਰ ਅੱਬਾਸ ਅਤੇ ਉਸ ਦੀ ਧੀ ਜ਼ੈਨਬ ਅਹਿਮਦ ’ਤੇ ਯਜ਼ੀਦੀ ਔਰਤਾਂ ਨੂੰ ਗੁਲਾਮ ਬਣਾਉਣ ਅਤੇ ਗੁਲਾਮੀ ਦੇ ਕਾਰੋਬਾਰ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ। ਜਾਂਚਕਰਤਾਵਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇੱਕ ਔਰਤ ਨੂੰ 10,000 ਅਮਰੀਕੀ ਡਾਲਰ ਦੇ ਬਦਲੇ ਖਰੀਦ ਕੇ ਆਪਣੇ ਘਰ ਵਿੱਚ ਰੱਖਿਆ। ਇਹ ਦੋਸ਼ ਆਸਟ੍ਰੇਲੀਆ ਵਿੱਚ ਪਹਿਲੀ ਵਾਰ ਲਗਾਏ ਗਏ ਹਨ ਅਤੇ ਕਾਨੂੰਨੀ ਮਾਹਰਾਂ ਨੇ ਇਸ ਨੂੰ ‘ਬੇਮਿਸਾਲ’ ਕਿਹਾ ਹੈ।

ਇਸੇ ਦੌਰਾਨ, 32 ਸਾਲ ਦੀ ਜਨਾਈ ਸਫ਼ਰ ਨੂੰ ਸਿਡਨੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ’ਤੇ ਐਲਾਨੇ ਜੰਗ ਦੇ ਇਲਾਕੇ ਵਿੱਚ ਜਾਣ ਅਤੇ ISIS ਨਾਲ ਜੁੜਨ ਦੇ ਦੋਸ਼ ਹਨ। ਇਨ੍ਹਾਂ ਦੋਸ਼ਾਂ ਅਧੀਨ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਅੱਜ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਉਸ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਗਈ।

ਯਜ਼ੀਦੀ ਪੀੜਤ ਔਰਤਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸੀਰੀਆ ਵਿੱਚ ਆਸਟ੍ਰੇਲੀਅਨ ਪਰਿਵਾਰਾਂ ਦੇ ਘਰਾਂ ਵਿੱਚ ਗੁਲਾਮ ਬਣਾਇਆ ਗਿਆ ਸੀ। ਕੁਝ ਨੇ ਸਰੀਰਿਕ ਸ਼ੋਸ਼ਣ ਅਤੇ ਬੇਹੱਦ ਸਖ਼ਤੀ ਦੇ ਤਜਰਬੇ ਸਾਂਝੇ ਕੀਤੇ ਹਨ। ਉਨ੍ਹਾਂ ਨੇ ਆਸਟ੍ਰੇਲੀਅਨ ਅਧਿਕਾਰੀਆਂ ਨੂੰ ਬਿਆਨ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਅਦਾਲਤ ਵਿੱਚ ਗਵਾਹੀ ਦੇਣ ਲਈ ਤਿਆਰ ਹਨ।

ਫੈਡਰਲ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਾਲਾਂ ਤੋਂ ਸਬੂਤ ਇਕੱਠੇ ਕੀਤੇ ਹਨ ਅਤੇ ਹੁਣ ਇਹ ਮਾਮਲੇ ਅਦਾਲਤ ਵਿੱਚ ਲਿਆਂਦੇ ਜਾਣਗੇ। ਕਾਨੂੰਨੀ ਮਾਹਰ ਮੰਨਦੇ ਹਨ ਕਿ ਇਹ ਕੇਸ ਆਸਟ੍ਰੇਲੀਆਈ ਨਿਆਂ ਪ੍ਰਣਾਲੀ ਲਈ ਇੱਕ ਵੱਡੀ ਕਸੌਟੀ ਹੋਵੇਗਾ।

ਦੂਜੇ ਇਸ ਘਟਨਾ ਨੇ ਦੇਸ਼ ਵਿੱਚ ਚਰਚਾ ਨੂੰ ਵੀ ਜਨਮ ਦਿੱਤਾ ਹੈ ਕਿ ਕੀ ਇਹ ਔਰਤਾਂ ਆਪਣੇ ਕੀਤੇ ਅਪਰਾਧਾਂ ਲਈ ਜ਼ਿੰਮੇਵਾਰ ਹਨ ਜਾਂ ਉਨ੍ਹਾਂ ਨੂੰ ISIS ਦੇ ਕਬਜ਼ੇ ਹੇਠ ਮਜਬੂਰੀ ਵਿੱਚ ਰਹਿਣਾ ਪਿਆ। ਪਰ ਯਜ਼ੀਦੀ ਪੀੜਤਾਂ ਦਾ ਸਾਫ਼ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

TAGGED:
Share This Article
Leave a Comment

Leave a Reply

Your email address will not be published. Required fields are marked *