ਆਸਟ੍ਰੇਲੀਅਨ NRI ਕਤਲ ਮਾਮਲਾ: ਤਿੰਨ ਮੁਲਜ਼ਮ ਨਿਆਂਇਕ ਹਿਰਾਸਤ ’ਚ, ਲਾਸ਼ ਦੀ ਭਾਲ ਜਾਰੀ

Sea7 Australia Team
2 Min Read

ਮੈਲਬਰਨ : ਅੰਮ੍ਰਿਤਸਰ ਦੀ ਇੱਕ ਸਥਾਨਕ ਅਦਾਲਤ ਨੇ ਬੁੱਧਵਾਰ ਨੂੰ ਆਸਟ੍ਰੇਲੀਅਨ NRI ਸੁਨੀਲ ਸ਼ਰਮਾ ਦੇ ਕਤਲ ਮਾਮਲੇ ’ਚ ਨਾਮਜ਼ਦ ਤਿੰਨ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ (judicial custody) ’ਚ ਭੇਜ ਦਿੱਤਾ ਹੈ। ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਇਨ੍ਹਾਂ ਨੂੰ ਕੋਰਟ ’ਚ ਪੇਸ਼ ਕੀਤਾ ਗਿਆ ਸੀ। ਮੁਲਜ਼ਮਾਂ ਦੀ ਪਛਾਣ ਮ੍ਰਿਤਕ ਦੇ ਭਰਾ ਸਤੀਸ਼ ਸ਼ਰਮਾ ਉਰਫ਼ ਸੰਨੀ, ਭਤੀਜੇ ਸੁਨੀਸ਼ ਸ਼ਰਮਾ ਅਤੇ ਪ੍ਰਾਪਰਟੀ ਡੀਲਰ ਲਛਮਣ ਸਿੰਘ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਸਤੀਸ਼ ਸ਼ਰਮਾ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਵੀ ਜੇਲ੍ਹ ਭੇਜਿਆ ਜਾ ਚੁੱਕਾ ਹੈ।

ਦੂਜੇ ਪਾਸੇ, ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਬਰਾਮਦ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੁਲਜ਼ਮਾਂ ਨੇ ਕਥਿਤ ਤੌਰ ’ਤੇ ਕਤਲ ਤੋਂ ਬਾਅਦ ਲਾਸ਼ ਨੂੰ ਹਰੀਕੇ ਪੱਤਣ ਬੈਰਾਜ ਵਿੱਚ ਸੁੱਟ ਦਿੱਤਾ ਸੀ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਰਾਜਸਥਾਨ ਨਹਿਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਗੋਤਾਖੋਰਾਂ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ। ਕੰਬੋਹ ਥਾਣੇ ਦੇ SHO ਸ਼ਮਸ਼ੇਰ ਸਿੰਘ ਅਨੁਸਾਰ ਰਾਜਸਥਾਨ ਪੁਲਿਸ ਨਾਲ ਵੀ ਸੰਪਰਕ ਬਣਾਇਆ ਗਿਆ ਹੈ।

ਅਦਾਲਤ ਵਿੱਚ ਬਹਿਸ ਦੌਰਾਨ ਬਚਾਅ ਪੱਖ ਦੇ ਵਕੀਲਾਂ ਨੇ ਲਾਸ਼ ਮਿਲਣ ਤੋਂ ਪਹਿਲਾਂ ਕਤਲ ਦੀਆਂ ਧਾਰਾਵਾਂ ਲਗਾਉਣ ‘ਤੇ ਸਵਾਲ ਚੁੱਕੇ। ਹਾਲਾਂਕਿ, ਪੁਲਿਸ ਨੇ ਮਾਮਲੇ ਨਾਲ ਜੁੜੇ ਅਹਿਮ ਸਬੂਤ ਜਿਵੇਂ ਕਿ ਕਾਰ, ਘੜੀ ਅਤੇ ਗੱਦੇ ਬਰਾਮਦ ਕਰ ਲਏ ਹਨ ਅਤੇ ਫੋਰੈਂਸਿਕ ਟੀਮਾਂ ਸਬੂਤ ਜੁਟਾਉਣ ਵਿੱਚ ਲੱਗੀਆਂ ਹੋਈਆਂ ਹਨ।

ਜ਼ਿਕਰਯੋਗ ਹੈ ਕਿ ਮ੍ਰਿਤਕ ਸੁਨੀਲ ਸ਼ਰਮਾ ਮੈਲਬਰਨ ’ਚ ਇੱਕ ਮੈਥੇਮੈਟਿਕਸ ਟੀਚਰ ਸਨ ਅਤੇ ਪੰਜਾਬ ਵਿੱਚ ਆਪਣੀ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਵੇਚਣ ਲਈ 22 ਮਈ ਨੂੰ ਅੰਮ੍ਰਿਤਸਰ ਆਏ ਸਨ। ਉਨ੍ਹਾਂ ਦੇ ਸਕੇ ਭਰਾ ਸਤੀਸ਼ ਸ਼ਰਮਾ ਦੀ ਨਜ਼ਰ ਇਸ ਪ੍ਰਾਪਰਟੀ ’ਤੇ ਸੀ। ਸਤੀਸ਼ ਸ਼ਰਮਾ ਨੇ ਕਥਿਤ ਤੌਰ ’ਤੇ ਜਾਅਲੀ ਪਾਵਰ ਆਫ਼ ਅਟਾਰਨੀ ਤਿਆਰ ਕਰ ਕੇ ਆਪਣੇ ਭਰਾ ਦੀ ਜਾਇਦਾਦ ਹੜੱਪਣ ਦੀ ਸਾਜ਼ਿਸ਼ ਰਚੀ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਕਈ ਦਿਨਾਂ ਦੀ ਭਾਲ ਤੋਂ ਬਾਅਦ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ।

Share This Article
Leave a Comment

Leave a Reply

Your email address will not be published. Required fields are marked *