ਹਰਦੀਪ ਸਿੰਘ ਨਿੱਝਰ ਕਤਲਕਾਂਡ ’ਚ ਕੈਨੇਡਾ ਪੁਲਿਸ ਨੇ ਪੰਜਾਬੀ ਮੂਲ ਦੇ ਤਿੰਨ ਨੌਜੁਆਨਾਂ ਨੂੰ ਗ੍ਰਿਫ਼ਤਾਰ ਕੀਤਾ, ਕਤਲ ਕਰਨ ਦੇ ਦੋਸ਼ ਆਇਦ

ਮੈਲਬਰਨ: ਕੈਨੇਡੀਅਨ ਪੁਲਿਸ ਨੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਨੂੰ ਕਤਲ ਕਰਨ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਕਤਲ ਦੇ ਦੋਸ਼ ਲਗਾਏ ਹਨ। ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਨ੍ਹਾਂ ਲੋਕਾਂ ਦੇ ਭਾਰਤ ਸਰਕਾਰ ਨਾਲ ਸਬੰਧ ਸਨ।

ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਦੀ ਪਛਾਣ ਕਰਨਪ੍ਰੀਤ ਸਿੰਘ (28), ਕਮਲਪ੍ਰੀਤ ਸਿੰਘ (22) ਅਤੇ ਕਰਨ ਬਰਾੜ (22) ਵਜੋਂ ਹੋਈ ਹੈ ਜੋ ਐਡਮਿੰਟਨ ’ਚ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਭਾਰਤੀ ਨਾਗਰਿਕ ਦੱਸਿਆ ਗਿਆ ਹੈ। ਪੁਲਿਸ ਸੁਪਰਡੈਂਟ ਮਨਦੀਪ ਮੂਰਕਰ ਨੇ ਟੈਲੀਵਿਜ਼ਨ ‘ਤੇ ਪ੍ਰਸਾਰਿਤ ਨਿਊਜ਼ ਕਾਨਫ਼ਰੰਸ ‘ਚ ਕਿਹਾ, ‘‘ਅਸੀਂ ਭਾਰਤ ਸਰਕਾਰ ਨਾਲ ਤਿੰਨਾਂ ਦੇ ਸਬੰਧਾਂ ਦੀ ਵੀ ਜਾਂਚ ਕਰ ਰਹੇ ਹਾਂ।’’

ਜੂਨ 2023 ਵਿਚ 45 ਸਾਲ ਦੇ ਨਿੱਝਰ ਦਾ ਵੈਨਕੂਵਰ ਦੇ ਸਬਅਰਬ ਸਰੀ ਵਿਚ ਇਕ ਗੁਰਦੁਆਰੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਤਲ ’ਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਸਬੂਤਾਂ ਦਾ ਹਵਾਲਾ ਦਿੱਤਾ ਸੀ, ਜਿਸ ਨਾਲ ਨਵੀਂ ਦਿੱਲੀ ਨਾਲ ਕੂਟਨੀਤਕ ਸੰਕਟ ਪੈਦਾ ਹੋ ਗਿਆ ਸੀ। ਨਿੱਜਰ ਇੱਕ ਕੈਨੇਡੀਅਨ ਨਾਗਰਿਕ ਸੀ ਜੋ ਖਾਲਿਸਤਾਨ ਦੀ ਸਿਰਜਣਾ ਲਈ ਮੁਹਿੰਮ ਚਲਾ ਰਿਹਾ ਸੀ। ਕੈਨੇਡਾ ਵਿਚ ਸਿੱਖ ਵੱਖਵਾਦੀ ਸਮੂਹਾਂ ਦੀ ਮੌਜੂਦਗੀ ਤੋਂ ਨਵੀਂ ਦਿੱਲੀ ਲੰਬੇ ਸਮੇਂ ਤੋਂ ਨਿਰਾਸ਼ ਹੈ, ਜਿਸ ਨੇ ਨਿੱਝਰ ਨੂੰ ‘ਅੱਤਵਾਦੀ’ ਕਰਾਰ ਦਿੱਤਾ ਸੀ।

Leave a Comment