ਮੈਲਬਰਨ: ਮੈਲਬਰਨ ਦੇ ਪੱਛਮ ਵਿੱਚ ਸ਼ੱਕੀ ਰਸਾਇਣਕ ਧਮਾਕੇ ਤੋਂ ਬਾਅਦ ਇੱਕ ਫੈਕਟਰੀ ਅੰਦਰੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਇਹ ਘਟਨਾ ਵੀਰਵਾਰ ਸਵੇਰੇ ਕਰੀਬ 9:45 ਵਜੇ ਡੇਰਿਮੁਟ ਦੇ ਸਵਾਨ ਡਾ. ’ਤੇ ਸਥਿਤ ਇੱਕ ਫੈਕਟਰੀ ’ਚ ਵਾਪਰੀ, ਜਿਸ ਤੋਂ ਬਾਅਦ ਧੂੰਏ ਦੇ ਵਿਸ਼ਾਲ ਗੁਬਾਰ ਵੇਖੇ ਗਏ।
ਅੱਗ ’ਤੇ ਕਾਬੂ ਪਾਉਣ ਦੌਰਾਨ ਘੱਟੋ-ਘੱਟ 30 ਲੋਕਾਂ ਨੂੰ ਇਮਾਰਤ ਖਾਲੀ ਕਰਨਾ ਪਈ। ਅੱਗ ਬੁਝਾਉਣ ਤੋਂ ਬਾਅਦ, ਹਾਪਰਸ ਕਰਾਸਿੰਗ ਵਾਸੀ ਇੱਕ 44 ਸਾਲਾਂ ਦੇ ਵਿਅਕਤੀ ਦੀ ਲਾਸ਼ ਇਮਾਰਤ ਦੇ ਅੰਦਰ ਮਿਲੀ। ਕਿਸੇ ਹੋਰ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਪੁਲਿਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਵਰਕਸੇਫ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਕੋਰੋਨਰ ਲਈ ਰਿਪੋਰਟ ਤਿਆਰ ਕੀਤੀ ਜਾਵੇਗੀ।
ਇੱਕ ਚਸ਼ਮਦੀਦ ਨੇ ਮੀਡੀਆ ਨੂੰ ਦੱਸਿਆ ਕਿ ਉਹ ਨੇੜੇ ਇੱਕ ਮੀਟਿੰਗ ਵਿੱਚ ਸੀ ਜਦੋਂ ਉਸ ਨੇ ‘ਜ਼ੋਰਦਾਰ ਧਮਾਕਾ’ ਸੁਣਿਆ ਅਤੇ ਥੋੜ੍ਹੀ ਦੇਰ ਬਾਅਦ ਐਮਰਜੈਂਸੀ ਸੇਵਾਵਾਂ ਵੱਲੋਂ ਉਸ ਨੂੰ ਬਾਹਰ ਕੱਢ ਦਿੱਤਾ ਗਿਆ। ਫਾਇਰ ਰੈਸਕਿਊ ਵਿਕਟੋਰੀਆ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਧਮਾਕਾ ਕਿਸੇ ਰਸਾਇਣਕ ਕਿਰਿਆ ਕਾਰਨ ਹੋਇਆ ਹੈ।