ਮੈਲਬਰਨ: ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਪ੍ਰਮੁੱਖ ਵਾਅਦੇ ਨੂੰ ਪੂਰਾ ਕਰਨ ਲਈ ਆਸਟ੍ਰੇਲੀਆ ਸਰਕਾਰ ਨੇ ਕਾਰਵਾਈ ਸ਼ੁਰੂ ਦਿੱਤੀ ਹੈ। ਆਰਥਕ ਪੱਖੋਂ ਕਮਜ਼ੋਰ ਆਸਟ੍ਰੇਲੀਅਨਾਂ ਲਈ ਹਜ਼ਾਰਾਂ ਨਵੇਂ ਕਿਫਾਇਤੀ ਘਰ ਬਣਾਏ ਜਾਣ ਦਾ ਕੰਮ ਹਾਊਸਿੰਗ ਆਸਟ੍ਰੇਲੀਆ ਨੂੰ ਸੌਂਪ ਦਿੱਤਾ ਗਿਆ ਹੈ। ਹਾਊਸਿੰਗ ਆਸਟ੍ਰੇਲੀਆ ਅੱਜ ਤੋਂ ਹੀ ਕੰਮ ਕਰਨਾ ਸ਼ੁਰੂ ਕਰੇਗੀ ਅਤੇ ਸਰਕਾਰ ਦੇ 10 ਅਰਬ ਡਾਲਰ ਦੇ ਹਾਊਸਿੰਗ ਫੰਡ ਅਤੇ ਨੈਸ਼ਨਲ ਹਾਊਸਿੰਗ ਕਰਾਰ ਤਹਿਤ 40,000 ਸਮਾਜਿਕ ਅਤੇ ਕਿਫਾਇਤੀ ਕਿਰਾਏ ਦੇ ਘਰ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੋਵੇਗੀ।
ਇਸ ਵਿੱਚ ਹੋਮ ਗਾਰੰਟੀ ਸਕੀਮ ਵੀ ਸ਼ਾਮਲ ਹੋਵੇਗੀ, ਜਿਸ ਅਧੀਨ ਪਹਿਲੀ ਵਾਲੀ ਘਰ ਖ਼ਰੀਦਣ ਵਾਲਿਆਂ, ਖੇਤਰੀ ਆਸਟ੍ਰੇਲੀਅਨਾਂ ਅਤੇ ਬੱਚਿਆਂ ਨੂੰ ਇਕੱਲੇ ਪਾਲਣ ਵਾਲੇ ਮਾਪਿਆਂ ਨੂੰ ਛੋਟੀਆਂ ਜਮ੍ਹਾਂ ਰਕਮਾਂ ਨਾਲ ਘਰ ਦਾ ਮਾਲਕ ਬਣਨ ਦੀ ਇਜਾਜ਼ਤ ਮਿਲੇਗੀ।
ਹਾਊਸਿੰਗ ਮੰਤਰੀ ਜੂਲੀ ਕੋਲਿਨਜ਼ ਨੇ ਕਿਹਾ ਕਿ ਇਹ ‘ਹਾਊਸਿੰਗ ਨੀਤੀ ਵਿੱਚ ਇੱਕ ਦਿਲਚਸਪ ਨਵੇਂ ਯੁੱਗ’ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ, ‘‘ਇਹ ਯਕੀਨੀ ਬਣਾਉਣਾ ਸਾਡੇ ਵਿਆਪਕ ਹਾਊਸਿੰਗ ਏਜੰਡੇ ਦਾ ਹਿੱਸਾ ਹੈ ਕਿ ਵੱਧ ਤੋਂ ਵੱਧ ਆਸਟ੍ਰੇਲੀਅਨਾਂ ਕੋਲ ਇੱਕ ਸੁਰੱਖਿਅਤ ਅਤੇ ਕਿਫਾਇਤੀ ਜਗ੍ਹਾ ਹੋਵੇ ਜਿਸ ਨੂੰ ਉਹ ਘਰ ਕਹਿ ਸਕਣ। ਭਾਵੇਂ ਉਹ ਖਰੀਦ ਰਹੇ ਹੋਣ, ਕਿਰਾਏ ’ਤੇ ਲੈ ਰਹੇ ਹੋਣ ਜਾਂ ਸਿਰਫ਼ ਰਾਤ ਬਿਤਾਉਣ ਲਈ ਇੱਕ ਸੁਰੱਖਿਅਤ ਜਗ੍ਹਾ ਦੀ ਲੋੜ ਹੋਵੇ।’’ ਦੇਸ਼ ਦੇ ਰਿਹਾਇਸ਼ ਮੰਤਰੀ ਸਾਲ ਦੇ ਅੰਤ ਤਕ ਮੁੜ ਬੈਠਕ ਕਰਨਗੇ।