ਮੈਲਬਰਨ : Reserve Bank of Australia (RBA) ਦੇ Monetary Policy Board ਨੇ ਆਪਣੀ ਤਾਜ਼ਾ ਮੀਟਿੰਗ ਦੌਰਾਨ ਵੱਡਾ ਫ਼ੈਸਲਾ ਲੈਂਦਿਆਂ Official Cash Rate (OCR) Target ਨੂੰ 4.35 ਫ਼ੀਸਦੀ ’ਤੇ ਸਥਿਰ ਰੱਖਣ ਦਾ ਐਲਾਨ ਕੀਤਾ ਹੈ। ਬੋਰਡ ਦੇ ਸਾਰੇ ਨੌਂ ਮੈਂਬਰਾਂ ਨੇ ਸਰਬਸੰਮਤੀ ਨਾਲ ਦਰਾਂ ਨੂੰ ਸਥਿਰ ਰੱਖਣ ਦੇ ਪੱਖ ਵਿੱਚ ਵੋਟ ਦਿੱਤੀ।
RBA ਅਨੁਸਾਰ ਦੇਸ਼ ਵਿੱਚ ਮਹਿੰਗਾਈ ਅਜੇ ਵੀ ਟੀਚੇ ਤੋਂ ਵੱਧ ਹੈ ਅਤੇ ਇਸ ਦੇ 2027 ਦੇ ਅਖੀਰ ਤੱਕ ਹੀ ਆਮ ਦਰ ’ਤੇ ਆਉਣ ਦੀ ਉਮੀਦ ਹੈ। ਜੇਕਰ ਮਹਿੰਗਾਈ ਵਧਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਤਾਂ ਭਵਿੱਖ ਵਿੱਚ Cash Rate ਨੂੰ ਹੋਰ ਵਧਾਇਆ ਵੀ ਜਾ ਸਕਦਾ ਹੈ। Middle East ਦੇ ਤਣਾਅ ਕਾਰਨ ਤੇਲ ਦੀਆਂ ਕੀਮਤਾਂ ਅਤੇ ਗਲੋਬਲ ਆਰਥਿਕ ਅਨਿਸ਼ਚਿਤਤਾ ਨੂੰ ਵੀ ਮਹੱਤਵਪੂਰਨ ਕਾਰਨ ਮੰਨਿਆ ਜਾ ਰਿਹਾ ਹੈ।
ਦੂਜੇ ਪਾਸੇ, Treasurer Jim Chalmers ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਗਲੋਬਲ ਆਰਥਿਕ ਮੰਦੀ ਦੇ ਮਾਹੌਲ ਵਿੱਚ ਇਹ ਇੱਕ ਰਾਹਤ ਭਰਿਆ ਕਦਮ ਹੈ।
KPMG Australia ਦੇ ਮੁੱਖ ਅਰਥਸ਼ਾਸਤਰੀ Brendan Rynne ਨੇ ਕਿਹਾ ਕਿ ਘਰਾਂ ਦੀਆਂ ਕੀਮਤਾਂ ਵਿੱਚ ਕਮੀ ਮਹਿੰਗਾਈ ਨੂੰ ਕੰਟਰੋਲ ਕਰਨ ਵਿੱਚ ਮਦਦ ਕਰੇਗੀ। ਹਾਲਾਂਕਿ, RBA ਨੇ ਚੇਤਾਵਨੀ ਦਿੱਤੀ ਹੈ ਕਿ ਘਰੇਲੂ ਕਰਜ਼ੇ ਦਾ ਭਾਰ 2024 ਦੇ ਸਿਖਰ ਦੇ ਨੇੜੇ ਹੈ ਅਤੇ ਲੋਕ ਆਪਣੀ ਆਮਦਨ ਦਾ ਲਗਭਗ 12% ਕਰਜ਼ੇ ਦੇ ਭੁਗਤਾਨ ’ਤੇ ਖਰਚ ਰਹੇ ਹਨ। Domain ਦੇ ਅਰਥਸ਼ਾਸਤਰੀ Dr. Nicola Powell ਅਨੁਸਾਰ, ਹਾਊਸਿੰਗ ਮਾਰਕੀਟ ਵਿੱਚ ਲਿਸਟਿੰਗ 7 ਸਾਲਾਂ ਦੇ ਉੱਚ ਪੱਧਰ ’ਤੇ ਪਹੁੰਚ ਗਈ ਹੈ, ਜਿਸ ਨਾਲ ਖ਼ਰੀਦਦਾਰਾਂ ਕੋਲ ਵਧੇਰੇ ਵਿਕਲਪ ਹਨ। ਮਾਹਰਾਂ ਦਾ ਮੰਨਣਾ ਹੈ ਕਿ ਪਹਿਲੀ Rate Cut ਹੁਣ mid-2027 ਤੱਕ ਹੀ ਸੰਭਵ ਹੋ ਸਕੇਗੀ।
ਬਾਜ਼ਾਰਾਂ ਨੇ ਇਸ ਫੈਸਲੇ ’ਤੇ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ ਹੈ। ASX 200 0.5% ਵਧਿਆ ਹੈ ਜਦਕਿ Australian dollar ਹਲਕਾ ਘਟ ਕੇ 70.49 US cents ’ਤੇ ਆ ਗਿਆ ਹੈ।
