ਟਰੰਪ ਪ੍ਰਸ਼ਾਸਨ ਛੱਡਣ ਤੋਂ ਬਾਅਦ ਹਰਮੀਤ ਕੌਰ ਢਿੱਲੋਂ ਨੇ ਸਿੱਖ ਧਰਮ ਵਿਰੁੱਧ ਨਫ਼ਰਤ ’ਤੇ ਤੋੜੀ ਚੁੱਪੀ

Sea7 Australia Team
4 Min Read
  • ਮਰਹੂਮ ਪਤੀ ਦੇ ਆਖਰੀ ਸੁਨੇਹੇ ਦਾ ਕੀਤਾ ਖੁਲਾਸਾ
  • ਕਿਹਾ, ਹੁਣ ਆਪਣੇ ਧਰਮ ਅਤੇ ਵਿਸ਼ਵਾਸ ਵਿਰੁੱਧ ਹੋਣ ਵਾਲੇ ਹਮਲਿਆਂ ’ਤੇ ਚੁੱਪ ਨਹੀਂ ਬੈਠਾਂਗੀ

ਵਾਸ਼ਿੰਗਟਨ: ਸਾਬਕਾ ਅਮਰੀਕੀ ਸਹਾਇਕ ਅਟਾਰਨੀ ਜਨਰਲ ਹਰਮੀਤ ਕੌਰ ਢਿੱਲੋਂ ਨੇ 2024 ਦੇ Republican National Convention (RNC) ’ਚ ਕੀਤੀ ਗਈ ਸਿੱਖ ਅਰਦਾਸ ਦੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ Donald Trump ਪ੍ਰਸ਼ਾਸਨ ’ਚ ਰਹਿੰਦਿਆਂ ਉਨ੍ਹਾਂ ਦੇ ਹੱਥ ਬੱਝੇ ਹੋਏ ਸਨ, ਪਰ ਹੁਣ ਉਹ ਆਪਣੇ ਧਰਮ ਅਤੇ ਵਿਸ਼ਵਾਸ ਵਿਰੁੱਧ ਹੋਣ ਵਾਲੇ ਹਮਲਿਆਂ ‘ਤੇ ਚੁੱਪ ਨਹੀਂ ਬੈਠਣਗੇ।

ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਇੱਕ ਭਾਵੁਕ ਪੋਸਟ ਰਾਹੀਂ ਹਰਮੀਤ ਕੌਰ ਢਿੱਲੋਂ ਨੇ ਆਪਣੇ ਮਰਹੂਮ ਪਤੀ ਸਰਬਜੀਤ ਸਿੰਘ ਰੰਧਾਵਾ (ਸਰਵ ਰੰਧਾਵਾ) ਨਾਲ ਹੋਈ ਆਖਰੀ ਗੱਲਬਾਤ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕੈਂਸਰ ਅਤੇ ਪਾਰਕਿਨਸਨ ਵਰਗੀਆਂ ਗੰਭੀਰ ਬਿਮਾਰੀਆਂ ਕਾਰਨ ਉਨ੍ਹਾਂ ਦੇ ਪਤੀ Milwaukee ਵਿਖੇ ਹੋਏ RNC ਸਮਾਗਮ ’ਚ ਸ਼ਾਮਲ ਨਹੀਂ ਹੋ ਸਕੇ ਸਨ। ਪਰ ਉਨ੍ਹਾਂ ਨੇ ਘਰ ਬੈਠ ਕੇ ਮੈਡੀਕਲ ਸਟਾਫ ਦੀ ਮੌਜੂਦਗੀ ’ਚ ਟੀ.ਵੀ. ’ਤੇ ਉਨ੍ਹਾਂ ਨੂੰ ਸਿੱਖ ਪਰੰਪਰਾ ਅਨੁਸਾਰ ਅਰਦਾਸ ਕਰਦਿਆਂ ਦੇਖਿਆ ਅਤੇ ਆਪਣੇ ਆਖਰੀ ਸੁਨੇਹਿਆਂ ’ਚੋਂ ਇੱਕ ’ਚ ਲਿਖਿਆ ਕਿ ਉਨ੍ਹਾਂ ਨੂੰ ਆਪਣੀ ਪਤਨੀ ’ਤੇ ਬਹੁਤ ਮਾਣ ਹੈ। ਇਸ ਘਟਨਾ ਤੋਂ ਕੁਝ ਹਫ਼ਤਿਆਂ ਬਾਅਦ, 2 ਅਗਸਤ 2024 ਨੂੰ ਸਰਬਜੀਤ ਸਿੰਘ ਰੰਧਾਵਾ ਦਾ ਦੇਹਾਂਤ ਹੋ ਗਿਆ ਸੀ।

ਜ਼ਿਕਰਯੋਗ ਹੈ ਕਿ 15 ਜੁਲਾਈ 2024 ਨੂੰ ਹਰਮੀਤ ਕੌਰ ਢਿੱਲੋਂ ਨੇ RNC ਦੌਰਾਨ Donald Trump ਦੀ ਸਲਾਮਤੀ ਅਤੇ ਅਮਰੀਕਾ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਸੀ, ਜਿਸ ਕਾਰਨ ਕੁਝ ਕੱਟੜਪੰਥੀ ਅਤੇ MAGA ਸਮਰਥਕਾਂ ਨੇ ਉਨ੍ਹਾਂ ਦੇ ਈਸਾਈ ਨਾ ਹੋਣ ਕਰਕੇ ਤਿੱਖੀ ਆਲੋਚਨਾ ਕੀਤੀ ਸੀ। ਚੋਣ ਮੁਹਿੰਮ ਅਤੇ ਪ੍ਰਸ਼ਾਸਨਿਕ ਨਿਯੁਕਤੀ ਦੀ ਪ੍ਰਕਿਰਿਆ ਕਾਰਨ ਉਹ ਦੋ ਸਾਲ ਚੁੱਪ ਰਹੇ।

ਅਮਰੀਕੀ ਸੰਵਿਧਾਨ ਦੀ First Amendment ਦਾ ਹਵਾਲਾ ਦਿੰਦਿਆਂ ਚੰਡੀਗੜ੍ਹ ’ਚ ਜਨਮੀ ਹਰਮੀਤ ਕੌਰ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ 34 ਸਾਲਾਂ ਤੱਕ ਹਰ ਧਰਮ ਦੀ ਆਜ਼ਾਦੀ ਲਈ ਲੜਾਈ ਲੜੀ ਹੈ ਅਤੇ ਉਹ ਆਪਣੀ ਸਿੱਖ ਪਛਾਣ ਨੂੰ ਕਦੇ ਵੀ ਨਹੀਂ ਛੁਪਾਉਣਗੇ।

Share This Article
Leave a Comment

Leave a Reply

Your email address will not be published. Required fields are marked *