Australia ਦੇ ਮਲਟੀਕਲਚਰਲ ਸਮਾਜ ’ਚ ਵੱਧ ਰਹੀਆਂ ਵੰਡੀਆਂ ਅਤੇ ਨਿਰਾਸ਼ਾਵਾਦ : ਸਰਵੇਖਣ

Sea7 Australia Team
2 Min Read
  • ਮਹਿੰਗਾਈ ਅਤੇ ਆਰਥਿਕ ਤੰਗੀ ਕਾਰਨ ਵਧਿਆ ਤਣਾਅ
  • ਹਰ ਤਿੰਨ ਵਿੱਚੋਂ ਇੱਕ ਵਿਅਕਤੀ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ
  • ਇਮੀਗ੍ਰੇਸ਼ਨ ਵਿਰੁੱਧ ਨਿਰਾਸ਼ਾ ਸਿਖਰ ’ਤੇ

ਮੈੱਲਬਰਨ : Australia ਦਾ ਮਲਟੀਕਲਚਰਲ ਸਮਾਜ ਵਧਦੀ ਮਹਿੰਗਾਈ ਅਤੇ ਆਰਥਿਕ ਤੰਗੀ ਕਾਰਨ ਪਹਿਲਾਂ ਨਾਲੋਂ ਕਿਤੇ ਵੱਧ ਵੰਡਿਆ ਹੋਇਆ, ਘੱਟ ਭਰੋਸੇਯੋਗ ਅਤੇ ਭਵਿੱਖ ਪ੍ਰਤੀ ਨਿਰਾਸ਼ ਨਜ਼ਰ ਆ ਰਿਹਾ ਹੈ। Scanlon Foundation ਦੇ ਤਾਜ਼ਾ ਸਮਾਜਿਕ ਏਕਤਾ ਸਰਵੇਖਣ ’ਚ 10,000 ਬਾਲਗਾਂ ਦੀ ਰਾਏ ਲਈ ਗਈ, ਜਿਸ ’ਚ ਇਹ ਚਿੰਤਾਜਨਕ ਤੱਥ ਸਾਹਮਣੇ ਆਏ ਹਨ।

ਰਿਪੋਰਟ ਮੁਤਾਬਕ ਹਰ ਤਿੰਨ ਵਿੱਚੋਂ ਇੱਕ (32%) ਵਿਅਕਤੀ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹੈ, ਜੋ ਕਿ 2006 ਦੇ ਪਹਿਲੇ ਸਰਵੇਖਣ ਨਾਲੋਂ ਤਿੰਨ ਗੁਣਾ ਵੱਧ ਹੈ। ਵਧਦੀਆਂ ਵਿਆਜ ਦਰਾਂ ਅਤੇ ਇਰਾਨ ਵਿਵਾਦ ਤੋਂ ਪੈਦਾ ਹੋਏ ਵਿੱਤੀ ਦਬਾਅ ਕਾਰਨ ਕਈ ਪਰਿਵਾਰ ਦਵਾਈਆਂ (21%), ਘਰਾਂ ਨੂੰ ਗਰਮ ਜਾਂ ਠੰਢਾ ਰੱਖਣ (19%), ਅਤੇ ਭੋਜਨ ਤੇ ਕਿਰਾਏ (13%) ਵਰਗੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਤੋਂ ਵੀ ਅਸਮਰੱਥ ਹਨ।

Scanlon Foundation ਦੀ CEO Anthea Hancocks ਅਨੁਸਾਰ, ਜਦੋਂ ਲੋਕ ਆਰਥਿਕ ਤੌਰ ‘ਤੇ ਕਮਜ਼ੋਰ ਹੁੰਦੇ ਹਨ ਤਾਂ ਉਨ੍ਹਾਂ ’ਚ ਸਮਾਜਿਕ ਸਾਂਝ ਦੀ ਭਾਵਨਾ ਘਟ ਜਾਂਦੀ ਹੈ। ਉਨ੍ਹਾਂ ਦੱਸਿਆ ਕਿ Bondi ਅੱਤਵਾਦੀ ਹਮਲੇ, ਨਸਲਵਾਦ ਦੀਆਂ ਘਟਨਾਵਾਂ, Iran ਵਿਵਾਦ ਅਤੇ ਵਧਦੇ ਵਿਆਜ ਰੇਟ ਕਾਰਨ ਲੋਕਾਂ ’ਚ ਨਿਰਾਸ਼ਾ ਵਧੀ ਹੈ।

ਇਸ ਦੇ ਨਾਲ ਹੀ ਫ਼ੈਡਰਲ ਸਰਕਾਰ ਤੋਂ ਲੋਕਾਂ ਦਾ ਭਰੋਸਾ ਘਟਿਆ ਹੈ ਅਤੇ 48% ਲੋਕ ਸਰਕਾਰੀ ਪ੍ਰਣਾਲੀ ’ਚ ਵੱਡੇ ਬਦਲਾਅ ਦੀ ਮੰਗ ਕਰ ਰਹੇ ਹਨ। ਇਮੀਗ੍ਰੇਸ਼ਨ ਵਿਰੁੱਧ ਵੀ ਨਿਰਾਸ਼ਾ ਸਿਖਰ ’ਤੇ ਹੈ; ਰਿਕਾਰਡ 59% ਲੋਕਾਂ ਦਾ ਮੰਨਣਾ ਹੈ ਕਿ ਮਾਇਗ੍ਰੇਸ਼ਨ ਦਾ ਪੱਧਰ ‘ਬਹੁਤ ਜ਼ਿਆਦਾ’ ਹੈ, ਜਦਕਿ 38% ਲੋਕ ਸਮਝਦੇ ਹਨ ਕਿ ਮਾਇਗਰੈਂਟਸ ਨੌਕਰੀਆਂ ਖੋਹ ਰਹੇ ਹਨ। One Nation ਪਾਰਟੀ ਦੇ ਸਮਰਥਕ ਇਮੀਗ੍ਰੇਸ਼ਨ ਅਤੇ ਭਵਿੱਖ ਨੂੰ ਲੈ ਕੇ ਸਭ ਤੋਂ ਵੱਧ ਨਿਰਾਸ਼ ਪਾਏ ਗਏ ਹਨ।

ਸਾਬਕਾ Australian of the Year ਅਤੇ Turbans 4 Australia ਦੇ ਸੰਸਥਾਪਕ Amar Singh ਨੇ ਕਿਹਾ ਕਿ ਇੰਡੀਅਨ-ਆਸਟ੍ਰੇਲੀਅਨ ਭਾਈਚਾਰੇ ਵਿਰੁੱਧ ਨਸਲੀ ਹਮਲੇ ਅਤੇ ਨਫ਼ਰਤ ਵਧੀ ਹੈ। ਉਨ੍ਹਾਂ ਨੇ ਹਾਲ ਹੀ ’ਚ Perth ਵਿਖੇ ਇੱਕ ਬਜ਼ੁਰਗ ਸਿੱਖ ਦੀ ਦਸਤਾਰ ਲਾਹੁਣ ਦੀ ਘਟਨਾ ਅਤੇ ਆਪਣੀ ਸੰਸਥਾ ਕੋਲ ਭੋਜਨ ਸਹਾਇਤਾ ਦੀ ਮੰਗ ਦਸ ਗੁਣਾ ਵਧਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਰਥਿਕ ਤੰਗੀ ਨੂੰ ਕਿਸੇ ਵੀ ਤਰ੍ਹਾਂ ਨਸਲੀ ਅਸਹਿਣਸ਼ੀਲਤਾ ਦਾ ਬਹਾਨਾ ਨਹੀਂ ਬਣਾਇਆ ਜਾ ਸਕਦਾ।

Share This Article
Leave a Comment

Leave a Reply

Your email address will not be published. Required fields are marked *