Flydubai ਜਹਾਜ਼ ਹਾਈਜੈਕ ਕਰਨ ਦੀ ਕੋਸ਼ਿਸ਼ ਕਰਨ ਵਾਲਾ ਕੋਪਾਇਲਟ ਮੈੱਲਬਰਨ ’ਚ ਪੜ੍ਹਾਈ ਦੌਰਾਨ ਹੋਇਆ ਸੀ ਕੱਟੜਪੰਥੀ

Sea7 Australia Team
2 Min Read

ਮੈੱਲਬਰਨ : ਬੀਤੇ ਹਫ਼ਤੇ Dubai ਤੋਂ Tel Aviv ਜਾ ਰਹੀ flydubai ਫਲਾਈਟ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰਨ ਵਾਲੇ co-pilot ਬਾਰੇ ਇੱਕ ਹੈਰਾਨੀਜਨਕ ਖ਼ੁਲਾਸਾ ਹੋਇਆ ਹੈ। United Arab Emirates ਦੇ ਸਰਕਾਰੀ ਵਕੀਲਾਂ ਮੁਤਾਬਕ, 29 ਸਾਲ ਦੇ Omani ਨਾਗਰਿਕ Hammam al-Hammami ਅਸਲ ’ਚ ਆਸਟ੍ਰੇਲੀਆ ’ਚ ਪੜ੍ਹਾਈ ਦੌਰਾਨ ਕੱਟੜਪੰਥੀ ਸੋਚ ਦਾ ਸ਼ਿਕਾਰ ਹੋਇਆ ਸੀ।

UAE ਦੇ ਅਟਾਰਨੀ ਜਨਰਲ Dr Hamad Saif al-Shamsi ਨੇ ਦੱਸਿਆ ਕਿ al-Hammami ਦਾ ਅੱਤਵਾਦ ਵੱਲ ਝੁਕਾਅ ਮੈੱਲਬਰਨ ਦੀ RMIT University ’ਚ ਪੜ੍ਹਨ ਦੌਰਾਨ ਸ਼ੁਰੂ ਹੋਇਆ। ਉੱਥੇ ਰਹਿੰਦਿਆਂ ਉਸ ਨੇ ਕੱਟੜਪੰਥੀ ਤਕਫ਼ੀਰੀ ਸਾਹਿਤ ਪੜ੍ਹਿਆ ਅਤੇ ਆਤਮਘਾਤੀ ਹਮਲਿਆਂ ਨੂੰ ਜਾਇਜ਼ ਠਹਿਰਾਉਣ ਵਾਲੀ ਸਮੱਗਰੀ ਤੋਂ ਪ੍ਰਭਾਵਿਤ ਹੋਇਆ। ਜਾਂਚ ਅਧਿਕਾਰੀਆਂ ਅਨੁਸਾਰ, ਉਹ 2001 ਦੇ 9/11 ਹਮਲਿਆਂ ਤੋਂ ਪ੍ਰੇਰਿਤ ਸੀ ਅਤੇ Israel ਦੇ ਏਅਰਪੋਰਟ ’ਤੇ ਜਹਾਜ਼ ਰਾਹੀਂ ਆਤਮਘਾਤੀ ਹਮਲਾ ਕਰਨਾ ਚਾਹੁੰਦਾ ਸੀ। ਇਸ ਮਨਸੂਬੇ ਲਈ ਉਸ ਨੇ ਮਾਨਸਿਕ ਤਿਆਰੀ ਦੇ ਨਾਲ-ਨਾਲ ਇੱਕ ਨਿੱਜੀ ਕੋਚ ਤੋਂ ਬੌਕਸਿੰਗ ਦੀ ਸਿਖਲਾਈ ਵੀ ਲਈ ਸੀ।

ਇਹ ਵਾਰਦਾਤ 30 ਸਤੰਬਰ ਨੂੰ ਵਾਪਰੀ ਸੀ, ਜਦੋਂ 182 ਯਾਤਰੀਆਂ ਨਾਲ ਭਰੀ ਫਲਾਈਟ ’ਚ ਉਸ ਨੇ ਕੰਟਰੋਲ ਖੋਹਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਜਹਾਜ਼ ਦੇ ਯਾਤਰੀਆਂ ਅਤੇ ਕਰੂ ਮੈਂਬਰਾਂ ਦੀ ਦਲੇਰੀ ਸਦਕਾ ਉਸ ਨੂੰ ਸਮਾਂ ਰਹਿੰਦੇ ਕਾਬੂ ਕਰ ਲਿਆ ਗਿਆ ਅਤੇ ਇੱਕ ਵੱਡਾ ਹਾਦਸਾ ਟਲ ਗਿਆ।

ਦੂਜੇ ਪਾਸੇ, RMIT University ਨੇ ਪੁਸ਼ਟੀ ਕੀਤੀ ਹੈ ਕਿ ਉਹ 2017 ਤੱਕ ਉਨ੍ਹਾਂ ਦਾ ਸਟੂਡੈਂਟ ਰਿਹਾ ਸੀ, ਪਰ ਉਸ ਨੇ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਨਹੀਂ ਕੀਤੀ ਸੀ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਆਸਟ੍ਰੇਲੀਅਨ ਸੁਰੱਖਿਆ ਏਜੰਸੀਆਂ ਅਤੇ Victorian joint counter-terrorism team ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

Share This Article
Leave a Comment

Leave a Reply

Your email address will not be published. Required fields are marked *