ਮੈੱਲਬਰਨ : University of Newcastle ਨੇ ਇੱਕ ਵੱਡੇ class action ਕੇਸ ’ਚ ਸਮਝੌਤਾ ਕਰ ਲਿਆ ਹੈ। ਇਸ ਤਹਿਤ ਯੂਨੀਵਰਸਿਟੀ ਵੱਲੋਂ 163 ਸਟੂਡੈਂਟਸ ਨੂੰ ਕੁੱਲ 7.55 ਮਿਲੀਅਨ ਡਾਲਰ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਹ ਵਿਵਾਦ ਬਿਨਾਂ ਉਦਯੋਗਿਕ ਮਾਨਤਾ (industry accreditation) ਵਾਲੀ ਡਿਗਰੀ ਕਰਵਾਉਣ ਨਾਲ ਸਬੰਧਤ ਸੀ, ਜਿਸ ’ਚ ਯੂਨੀਵਰਸਿਟੀ ’ਤੇ ਸਟੂਡੈਂਟਸ ਨੂੰ ਗੁੰਮਰਾਹ ਕਰਨ ਦਾ ਗੰਭੀਰ ਦੋਸ਼ ਲੱਗਾ ਸੀ।
ਇਹ ਮਾਮਲਾ Bachelor of Medical Engineering (honours) ਡਿਗਰੀ ਦਾ ਹੈ। ਜਿਨ੍ਹਾਂ ਸਟੂਡੈਂਟਸ ਨੇ 2018 ਅਤੇ 2019 ਦੌਰਾਨ ਇਸ ਕੋਰਸ ’ਚ ਦਾਖ਼ਲਾ ਲਿਆ ਸੀ, ਉਨ੍ਹਾਂ ਨੇ New South Wales Supreme Court ਦਾ ਦਰਵਾਜ਼ਾ ਖੜਕਾਇਆ ਸੀ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਯੂਨੀਵਰਸਿਟੀ ਨੇ ਇਹ ਝੂਠਾ ਭਰੋਸਾ ਦਿੱਤਾ ਸੀ ਕਿ ਕੋਰਸ ਨੂੰ ਪੇਸ਼ੇਵਰ ਸੰਸਥਾਵਾਂ ਵੱਲੋਂ ਮਾਨਤਾ ਪ੍ਰਾਪਤ ਹੈ।
ABC News ਅਨੁਸਾਰ ਇਸ ਕੇਸ ਦੇ ਮੁੱਖ ਸ਼ਿਕਾਇਤਕਰਤਾ (lead plaintiff) Andreas Sklavos ਨੇ ਦੱਸਿਆ ਕਿ ਡਿਗਰੀ ਦੀ ਮਾਨਤਾ ਨਾ ਹੋਣ ਕਾਰਨ ਉਸ ਨੂੰ Engineering Australia ਤੋਂ ਮਾਨਤਾ ਲੈਣ ਲਈ ਇੱਕ ਸਾਲ ਦੀ ਵਾਧੂ ਪੜ੍ਹਾਈ ਕਰਨੀ ਪਈ ਅਤੇ ਉਸ ਉੱਤੇ 55,000 ਡਾਲਰ ਦਾ HECS debt (ਕਰਜ਼ਾ) ਚੜ੍ਹ ਗਿਆ। ਉਨ੍ਹਾਂ ਕਿਹਾ ਕਿ ਸਾਲਾਂ ਦੀ ਨਿਰਾਸ਼ਾ ਅਤੇ ਤਣਾਅ ਤੋਂ ਬਾਅਦ, ਯੂਨੀਵਰਸਿਟੀ ਦਾ ਆਪਣੀ ਗਲਤੀ ਮੰਨਣਾ ਇੱਕ ਵੱਡੀ ਰਾਹਤ ਹੈ।
ਸਟੂਡੈਂਟਸ ਦੇ ਹੱਕ ’ਚ ਲੜਨ ਵਾਲੇ Australian Law Partners ਦੇ ਵਕੀਲ Duke Myrteza ਨੇ ਇਸ ਨਤੀਜੇ ਨੂੰ ਬਹੁਤ ਅਹਿਮ ਕਰਾਰ ਦਿੱਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਯੂਨੀਵਰਸਿਟੀਆਂ ਨੂੰ ਆਨਲਾਈਨ ਜਾਣਕਾਰੀ ਦੇਣ ਵੇਲੇ ਸਹੀ ਮਾਪਦੰਡਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਸਟੂਡੈਂਟਸ ਦਾ ਭਵਿੱਖ ਖਰਾਬ ਨਾ ਹੋਵੇ। ਦੱਸਣਯੋਗ ਹੈ ਕਿ ਇਸ ਲਾਅ ਫਰਮ ਨੇ 2023 ’ਚ James Cook University ਦੇ ਸਟੂਡੈਂਟਸ ਲਈ ਵੀ ਅਜਿਹਾ ਹੀ ਮੁਆਵਜ਼ਾ ਹਾਸਲ ਕੀਤਾ ਸੀ।
University of Newcastle ਨੇ ਹੁਣ ਇਸ ਕੋਰਸ ਲਈ ਪੂਰੀ ਮਾਨਤਾ ਹਾਸਲ ਕਰ ਲਈ ਹੈ, ਪਰ ਇਹ ਸਿਰਫ਼ ਉਨ੍ਹਾਂ ਸਟੂਡੈਂਟਸ ’ਤੇ ਲਾਗੂ ਹੁੰਦੀ ਹੈ ਜਿਨ੍ਹਾਂ ਨੇ 2020 ਤੋਂ ਬਾਅਦ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ।
