ਮੈੱਲਬਰਨ : ਆਸਟ੍ਰੇਲੀਆ ਦੇ ਸਟੇਟ ਕੁਈਨਜ਼ਲੈਂਡ ਦੇ Toowoomba ਦੀ ਰਹਿਣ ਵਾਲੀ Jana Armstrong ਦੇ ਕਤਲ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ 48 ਸਾਲ ਦੇ ਧਰਮਿੰਦਰ ਸਿੰਘ ਦੀ ਅਦਾਲਤੀ ਪੇਸ਼ੀ ਦੌਰਾਨ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। Toowoomba Magistrates Court ’ਚ ਹੋਈ ਸੁਣਵਾਈ ਦੌਰਾਨ, ਬਚਾਅ ਪੱਖ ਦੇ ਵਕੀਲ Ramli Salehkon ਨੇ ਪੁਲਿਸ ਵੱਲੋਂ ਲਗਾਏ ਗਏ ਘਰੇਲੂ ਹਿੰਸਾ ਦੇ ਦੋਸ਼ਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਇਨ੍ਹਾਂ ਦੋਸ਼ਾਂ ਨੂੰ ਦੇਖ ਕੇ ‘ਹੈਰਾਨ’ ਹਨ।
ਵਕੀਲ Ramli Salehkon ਨੇ ਅਦਾਲਤ ’ਚ ਦਲੀਲ ਦਿੱਤੀ ਕਿ ਧਰਮਿੰਦਰ ਸਿੰਘ ਵੱਲੋਂ ਮ੍ਰਿਤਕਾ ’ਤੇ ਕੋਈ ਘਰੇਲੂ ਹਿੰਸਾ ਨਹੀਂ ਕੀਤੀ ਗਈ, ਸਗੋਂ ਉਲਟਾ Jana Armstrong ਵੱਲੋਂ ਉਸ ’ਤੇ ਹਿੰਸਾ ਕੀਤੀ ਜਾਂਦੀ ਸੀ। ਇਸ ਬਹਿਸ ਨੂੰ ਤੁਰੰਤ ਰੋਕਦਿਆਂ ਮੈਜਿਸਟ੍ਰੇਟ Kyna Morice ਨੇ ਸਖ਼ਤ ਲਹਿਜੇ ’ਚ ਕਿਹਾ ਕਿ ਉਹ ਮ੍ਰਿਤਕਾ ਦੇ ਆਚਰਣ ਬਾਰੇ ਕੋਈ ਟਿੱਪਣੀ ਨਹੀਂ ਸੁਣਨਗੇ ਅਤੇ ਇਹ ਅਜਿਹੀਆਂ ਦਲੀਲਾਂ ਲਈ ਢੁਕਵਾਂ ਮੰਚ ਨਹੀਂ ਹੈ।
ਜ਼ਿਕਰਯੋਗ ਹੈ ਕਿ Jana Armstrong 7 ਜੁਲਾਈ ਨੂੰ ਲਾਪਤਾ ਹੋ ਗਈ ਸੀ। ਅਗਲੀ ਸਵੇਰ 8 ਜੁਲਾਈ ਨੂੰ ਉਸ ਦੀ ਕਾਰ ਘਰ ਤੋਂ 500 ਮੀਟਰ ਦੀ ਦੂਰੀ ’ਤੇ ਛੱਡੀ ਹੋਈ ਮਿਲੀ ਸੀ, ਅਤੇ 12 ਜੁਲਾਈ ਦੀ ਰਾਤ ਨੂੰ ਜੰਗਲੀ ਇਲਾਕੇ ’ਚੋਂ ਉਸ ਦੀ ਲਾਸ਼ ਬਰਾਮਦ ਹੋਈ ਸੀ। ਧਰਮਿੰਦਰ ਸਿੰਘ, ਜੋ ਕਿ ਉਸ ਦਾ ਸਾਬਕਾ ਪਾਰਟਨਰ ਸੀ, ’ਤੇ ਕਤਲ, ਘਰੇਲੂ ਹਿੰਸਾ ਅਤੇ ਕਾਰ ਨੂੰ ਅੱਗ ਲਗਾਉਣ ਦੇ ਗੰਭੀਰ ਦੋਸ਼ ਹਨ।
ਸੁਣਵਾਈ ਦੌਰਾਨ ਮ੍ਰਿਤਕਾ ਦਾ ਪਰਿਵਾਰ ਵੀ ਮੌਜੂਦ ਸੀ। ਅਦਾਲਤ ਦੇ ਬਾਹਰ Jana Armstrong ਦੀ ਭੈਣ, Faith Isaacs ਨੇ ਬਚਾਅ ਪੱਖ ਦੇ ਵਕੀਲ ਦੀਆਂ ਗੱਲਾਂ ’ਤੇ ਸਖ਼ਤ ਇਤਰਾਜ਼ ਜਤਾਇਆ। ਉਸ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇਸ ਦੁੱਖ ਦੀ ਘੜੀ ’ਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਆਪਣੀ ਭੈਣ ਦੇ 6 ਮਹੀਨੇ ਦੇ ਮਾਸੂਮ ਬੱਚੇ ਦੀ ਦੇਖਭਾਲ ਕਰ ਰਹੀ ਹੈ।
ਮਾਮਲੇ ਦੀ ਅਗਲੀ ਸੁਣਵਾਈ ਹੁਣ 12 ਨਵੰਬਰ ਨੂੰ ਹੋਵੇਗੀ ਅਤੇ ਉਦੋਂ ਤੱਕ ਧਰਮਿੰਦਰ ਸਿੰਘ ਨੂੰ ਹਿਰਾਸਤ ’ਚ ਰੱਖਣ ਦੇ ਹੁਕਮ ਦਿੱਤੇ ਗਏ ਹਨ। ਮਾਮਲੇ ਦੇ ਹੋਰ ਸਬੂਤਾਂ ਅਤੇ ਫੋਰੈਂਸਿਕ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਕੁੱਝ ਹਫ਼ਤੇ ਪਹਿਲਾਂ Jana ਦੀ ਭੈਣ ਨੇ ਉਸ ਦੀ ਗੁੰਮ ਹੋਈ Apple Watch ਲਈ ਨਕਦ ਇਨਾਮ ਦੀ ਪੇਸ਼ਕਸ਼ ਕੀਤੀ ਹੈ, ਇਸ ਉਮੀਦ ਨਾਲ ਕਿ ਇਸ ’ਚ ਪੁਲਿਸ ਲਈ ਅਹਿਮ ਸਬੂਤ ਮਿਲ ਸਕਦੇ ਹਨ, ਅਤੇ ਇਸ ਨਾਲ ਪਰਿਵਾਰ ਨੂੰ ਬਹੁਤ ਲੋੜੀਂਦੀ ਤਸੱਲੀ ਮਿਲ ਸਕਦੀ ਹੈ।
