ਮੈਲਬਰਨ : ਵਿਕਟੋਰੀਆ ਦੀ ਸਰਕਾਰ ਨੇ ਸਰਕਾਰੀ ਸਕੂਲਾਂ ’ਚ ਹੋਏ ਬਾਲ ਜਿਨਸੀ ਸ਼ੋਸ਼ਣ (child sexual abuse) ਦੇ ਪੀੜਤ-ਸਰਵਾਈਵਰਾਂ ਤੋਂ ਰਸਮੀ ਤੌਰ ’ਤੇ ਮੁਆਫ਼ੀ ਮੰਗੀ ਹੈ। ਨਵੇਂ ਪ੍ਰੀਮੀਅਰ Ben Carroll ਨੇ ਅੱਜ ਸਵੇਰੇ ਪਾਰਲੀਮੈਂਟ ’ਚ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮੌਜੂਦਗੀ ’ਚ ਇਹ ਰਸਮੀ ਮੁਆਫ਼ੀ ਪੜ੍ਹੀ, ਜਿਸ ਵਿੱਚ 2000 ਤੋਂ ਪਹਿਲਾਂ ਹੋਏ ਸ਼ੋਸ਼ਣ ਨੂੰ ਪ੍ਰਵਾਨ ਕੀਤਾ ਗਿਆ।
Ben Carroll ਨੇ ਕਿਹਾ ਕਿ ਸਕੂਲਾਂ ’ਚ ਬੱਚਿਆਂ ਦੀ ਸੁਰੱਖਿਆ ਕਰਨ ’ਚ ਪ੍ਰਬੰਧਕੀ ਨਾਕਾਮੀ ਰਹੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਮੁਆਫ਼ੀ ਕਿਸੇ ਅੰਤ ਦੀ ਨਹੀਂ, ਸਗੋਂ ਸਾਰਥਕ ਬਦਲਾਅ ਅਤੇ ਸੁਧਾਰਾਂ ਦੀ ਸ਼ੁਰੂਆਤ ਹੈ। ਵਿਰੋਧੀ ਧਿਰ ਦੇ ਲੀਡਰ Jess Wilson ਨੇ ਵੀ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਲੋੜ ’ਤੇ ਜ਼ੋਰ ਦਿੱਤਾ।
ਇਹ ਮੁਆਫ਼ੀ Forum for Truth and Recognition, Beaumaris Board of Inquiry, ਅਤੇ Systemic Review ਦੀਆਂ ਰਿਪੋਰਟਾਂ ਦੇ ਆਧਾਰ ’ਤੇ ਮੰਗੀ ਗਈ ਹੈ। ਇਨ੍ਹਾਂ ਰਿਪੋਰਟਾਂ ਵਿੱਚ ਸਾਹਮਣੇ ਆਇਆ ਕਿ ਪ੍ਰਬੰਧਕੀ ਕਮਜ਼ੋਰੀਆਂ ਕਾਰਨ ਦੋਸ਼ੀਆਂ ਨੇ ਬੱਚਿਆਂ ਦਾ ਸ਼ੋਸ਼ਣ ਕੀਤਾ। ਰਿਪੋਰਟਾਂ ਅਨੁਸਾਰ ਦੋਸ਼ੀਆਂ ਨੇ ਸਿੱਖਿਆ ਪ੍ਰਣਾਲੀ ਦੇ ਕਮਜ਼ੋਰ ਨਿਯਮਾਂ ਦਾ ਫਾਇਦਾ ਉਠਾਇਆ ਅਤੇ ਸ਼ਿਕਾਇਤਾਂ ਨੂੰ ਅਣਗੌਲਿਆ ਕੀਤਾ ਗਿਆ।
2000 ਤੋਂ ਬਾਅਦ ਸਕੂਲਾਂ ’ਚ Working with Children Checks ਅਤੇ Child Safe Standards ਵਰਗੇ ਕਈ ਨਿਯਮ ਲਾਗੂ ਕੀਤੇ ਗਏ ਹਨ। ਲਾਅ ਫਰਮ Arnold Thomas & Becker ਦੇ Kim Price ਅਨੁਸਾਰ, ਇਹ ਮੁਆਫ਼ੀ ਇੱਕ ਮਹੱਤਵਪੂਰਨ ਕਦਮ ਹੈ, ਪਰ ਪੀੜਤਾਂ ਨੂੰ ਇਨਸਾਫ਼ ਲਈ ਮੁਆਵਜ਼ਾ, ਮਨੋਵਿਗਿਆਨਕ ਇਲਾਜ, ਅਤੇ ਡਾਕਟਰੀ ਸਹਾਇਤਾ ਮਿਲਣੀ ਵੀ ਲਾਜ਼ਮੀ ਹੈ।
