ਮੈਲਬਰਨ : ਥੋਰਾਕਸ ਜਰਨਲ ਵਿੱਚ ਪ੍ਰਕਾਸ਼ਤ ਇੱਕ ਤਾਜ਼ਾ ਅਧਿਐਨ ਸੁਝਾਅ ਦਿੰਦਾ ਹੈ ਕਿ ਉਡਾਣਾਂ ਵਿੱਚ ਸ਼ਰਾਬ ਪੀ ਕੇ ਸੌਣ ਨਾਲ ਖੂਨ ਦੀ ਆਕਸੀਜਨ ਵਿੱਚ ਬਹੁਤ ਜ਼ਿਆਦਾ ਗਿਰਾਵਟ ਆ ਸਕਦੀ ਹੈ। ਇਹ ਹਵਾਈ ਜਹਾਜ਼ ਦੇ ਕੈਬਿਨਾਂ ਵਿੱਚ ਘੱਟ ਹਵਾ ਦੇ ਦਬਾਅ ਅਤੇ ਆਕਸੀਜਨ ਦੇ ਅਸਰ ਕਾਰਨ ਹੁੰਦਾ ਹੈ, ਜੋ 2438 ਮੀਟਰ ਦੀ ਉਚਾਈ ਦੇ ਬਰਾਬਰ ਹੋ ਜਾਂਦੇ ਹਨ।
ਖੋਜਕਰਤਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸਥਿਤੀ ਦਿਲ ਜਾਂ ਪਲਮੋਨਰੀ ਬਿਮਾਰੀਆਂ ਵਾਲੇ ਮਰੀਜ਼ਾਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਉਹ ਉਡਾਣਾਂ ਦੌਰਾਨ ਵਿੱਚ ਸ਼ਰਾਬ ਨਾ ਪੀਣ ਦੀ ਸਲਾਹ ਦਿੰਦੇ ਹਨ। ਅਧਿਐਨ ਭਾਵੇਂ ਸਿਰਫ਼ 48 ਜਣਿਆਂ ’ਤੇ ਕੀਤਾ ਗਿਆ ਹੈ ਪਰ ਨੀਂਦ, ਉਡਾਣ ਅਤੇ ਅਲਕੋਹਲ ਦੇ ਵਿਚਕਾਰ ਸਬੰਧਾਂ ਵਿੱਚ ਅਗਲੇਰੀ ਖੋਜ ਲਈ ਇੱਕ ਸ਼ੁਰੂਆਤੀ ਬਿੰਦੂ ਪ੍ਰਦਾਨ ਕਰਦਾ ਹੈ। ਮਾਹਰਾਂ ਦਾ ਸੁਝਾਅ ਹੈ ਕਿ ਹਾਲਾਂਕਿ ਬਹੁਤ ਸਾਰੇ ਲੋਕ ਉਡਾਣਾਂ ਵਿੱਚ ਸੌਣ ਵਿੱਚ ਮਦਦ ਕਰਨ ਲਈ ਸ਼ਰਾਬ ਪੀਂਦੇ ਹਨ, ਪਰ ਇਹ ਉਨ੍ਹਾਂ ਦੇ ਤੁਰੰਤ ਆਰਾਮ ਅਤੇ ਲੰਬੀ ਮਿਆਦ ਦੀ ਸਿਹਤ ਦੋਵਾਂ ’ਤੇ ਬੁਰਾ ਅਸਰ ਪਾ ਸਕਦਾ ਹੈ।