ਸਿਡਨੀ ਵਸਦੇ ਪੰਜਾਬੀਆਂ ਦੇ ਘਰ ਗ਼ਲਤੀ ਨਾਲ ਕੌਣ ਉਤਾਰ ਗਏ 500 ਪੁਰਾਣੇ ਟਾਇਰ?

ਮੈਲਬਰਨ : ਸਿਡਨੀ ਦਾ ਇੱਕ ਪੰਜਾਬੀ ਪਰਿਵਾਰ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਹ ਕੰਮ ਤੋਂ ਘਰ ਆਇਆ ਅਤੇ ਉਨ੍ਹਾਂ ਨੂੰ ਆਪਣੇ ਡ੍ਰਾਈਵਵੇਅ ਵਿੱਚ ਸੈਂਕੜੇ ਪੁਰਾਣੇ ਟਾਇਰ ਪਏ ਮਿਲੇ, ਜੋ ਉਨ੍ਹਾਂ ਨੇ ਕਦੇ ਕਿਸੇ ਤੋਂ ਨਹੀਂ ਮੰਗਵਾਏ ਸਨ। ਹਰਜੀਤ ਸਿੰਘ ਰਾਏ ਅਤੇ ਉਸ ਦੀ ਪਤਨੀ ਜਦੋਂ ਕੰਮ ’ਤੇ ਚਲੇ ਗਏ ਤਾਂ ਦੇ ਬਲੈਕਟਾਊਨ ਸਥਿਤ ਉਨ੍ਹਾਂ ਦੇ ਘਰ 4 ਜੂਨ ਨੂੰ ਸਵੇਰੇ 10 ਵਜੇ ਤੋਂ ਠੀਕ ਪਹਿਲਾਂ ਦੋ ਵਰਕਰ ਪਹੁੰਚੇ ਅਤੇ ਟਰੱਕ ’ਤੇ ਲੱਦੇ ਸਾਰੇ 500 ਪੁਰਾਣੇ ਟਾਇਰ ਚਾਰ ਘੰਟਿਆਂ ਦੀ ਮਿਹਨਤ ਤੋਂ ਬਾਅਦ, ਡ੍ਰਾਈਵਵੇਅ ਵਿੱਚ ਟਿਕਾ ਦਿੱਤੇ। ਇਹ ਅਣਚਾਹੀ ਡਿਲੀਵਰੀ CCTV ’ਚ ਵੀ ਕੈਦ ਹੋ ਗਈ।

ਗ਼ਲਤ ਡਿਲੀਵਰੀ ਬਾਰੇ ਹਰਜੀਤ ਸਿੰਘ ਨੇ ਹੱਸਦਿਆਂ ਮੀਡੀਆ ਨੂੰ ਦਸਿਆ ਕਿ ਜਦੋਂ ਉਹ ਘਰ ਪਹੁੰਚਿਆ ਤਾਂ ਉਸ ਨੇ ਪਹਿਲਾਂ ਤਾਂ ਸੋਚਿਆ ਕਿ ਉਹ ਗਲਤ ਜਗ੍ਹਾ ’ਤੇ ਆ ਗਿਆ ਹੈ। ਹਰਜੀਤ ਨੇ 9 ਨਿਊਜ਼ ਸਿਡਨੀ ਨੂੰ ਦੱਸਿਆ, ‘‘ਮੈਂ ਹੈਰਾਨ ਸੀ।’’ ਹਰਜੀਤ ਦੇ ਇਕ ਦੋਸਤ ਨੇ ਕਿਹਾ, ‘‘ਪਹਿਲਾਂ ਤਾਂ ਮੈਂ ਹੱਸਣਾ ਸ਼ੁਰੂ ਕੀਤਾ, ਪਰ ਫਿਰ ਅਸੀਂ ਗੰਭੀਰ ਹੋ ਗਏ ਕਿਉਂਕਿ ਟਾਇਰਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ।’’ ਡਿਲੀਵਰੀ ਦੇ ਇਕ ਦਿਨ ਤੋਂ ਵੱਧ ਸਮੇਂ ਬਾਅਦ ਵੀ ਹਰਜੀਤ ਟਾਇਰਾਂ ਦੇ ਸਹੀ ਮਾਲਕ ਦਾ ਪਤਾ ਨਹੀਂ ਲਗਾ ਸਕਿਆ ਹੈ ਪਰ ਉਸ ਨੇ ਕਿਹਾ ਕਿ ਉਹ ਆਪਣੀ ਕਾਰ ਖੜ੍ਹਾ ਕਰਨ ਵਾਲੀ ਥਾਂ ਵਾਪਸ ਚਾਹੁੰਦਾ ਹੈ। ਉਸ ਨੇ ਕਿਹਾ, ‘‘ਮੈਂ ਕਿਸੇ ਨੂੰ ਕੁੱਝ ਨਹੀਂ ਕਹਾਂਗਾ। ਸਿਰਫ਼ ਆ ਕੇ ਟਾਿੲਰ ਚੁੱਕ ਕੇ ਲੈ ਜਾਵੋ।’’