ਤਿੰਨ ਦਿਨਾਂ ਤਕ ਪਿਤਾ ਦੀ ਲਾਸ਼ ਨਾਲ ਰਹਿ ਰਹੀ ਸੀ ਬੱਚੀ, ਆਸਟ੍ਰੇਲੀਆ ’ਚ ਰਿਫ਼ਿਊਜੀ ਦਾ ਦਿਲ ਦੁਖਾ ਦੇਣ ਵਾਲਾ ਅੰਤ

ਮੈਲਬਰਨ: ਗੁੱਡ ਫ਼ਰਾਈਡੇ ਵਾਲੇ ਦਿਨ ਗੋਲਡ ਕੋਸਟ ਦੇ ਇੱਕ ਯੂਨਿਟ ’ਚ ਪੁੱਜੀ ਪੁਲਿਸ ਦੀ ਉਦੋਂ ਹੈਰਾਨੀ ਦੀ ਹੱਦ ਨਹੀਂ ਰਹੀ ਜਦੋਂ ਉਨ੍ਹਾਂ ਨੂੰ 2 ਸਾਲ ਦੀ ਇੱਕ ਬੱਚੀ ਆਪਣੇ ਪਿਤਾ ਦੀ ਲਾਸ਼ ਕੋਲ ਇਕੱਲੀ ਬੈਠੀ ਮਿਲੀ। ਪੁਲਿਸ ਨੇ ਮ੍ਰਿਤਕ ਦੇ ਕਿਸੇ ਰਿਸ਼ਤੇਦਾਰ ਨੇ ਫ਼ੋਨ ਕਰ ਕੇ ਉਸ ਦੀ ਖ਼ਬਰ ਲੈਣ ਦੀ ਬੇਨਤੀ ਕੀਤੀ ਸੀ ਜੋ ਕਈ ਦਿਨਾਂ ਤੋਂ ਫ਼ੋਨ ਨਹੀਂ ਚੁੱਕ ਰਿਹਾ ਸੀ।

ਮ੍ਰਿਤਕ ਇੱਕ ਇਰਾਕੀ ਰਿਫ਼ਿਊਜੀ ਸੀ ਜਿਸ ਦਾ ਨਾਮ ਹਾਸੇਲ ਲੀਊ ਸੀ। ਉਹ ਬਿਹਤਰ ਜ਼ਿੰਦਗੀ ਦੀ ਤਲਾਸ਼ ’ਚ ਆਸਟ੍ਰੇਲੀਆ ਆਇਆ ਸੀ ਪਰ ਇੱਥੇ ਮਕਾਨਾਂ ਦੀ ਕਮੀ ਹੋਣ ਕਾਰਨ ਉੱਤਰੀ ਗੋਲਡ ਕੋਸਟ ’ਚ ਇੱਕ ਸਾਲ ਤਕ ਆਪਣੀ ਕਾਰ ਅੰਦਰ ਰਹਿੰਦਾ ਰਿਹਾ। ਫਿਰ ਉਸ ਨੂੰ ਚੈਰਿਟੀ ਰਾਹੀਂ ਇੱਕ ਹੋਟਲ ’ਚ ਰਹਿਣ ਲਈ ਥਾਂ ਮਿਲੀ। ਇਸ ਤੋਂ ਬਾਅਦ ਕੁੱਝ ਮਹੀਨਿਆਂ ਤੋਂ ਉਹ ਇਸ ਯੂਨਿਟ ’ਚ ਰਹਿ ਰਿਹਾ ਜਿੱਥੇ ਉਸ ਦੀ ਲਾਸ਼ ਮਿਲੀ। ਪਿਛਲੇ ਕੁੱਝ ਦਿਨਾਂ ਤੋਂ ਉਹ ਠੀਕ ਮਹਿਸੂਸ ਨਹੀਂ ਕਰ ਰਿਹਾ ਸੀ।

ਬੱਚੀ ਦੀ ਮਾਂ ਲਿਊ ਤੋਂ ਵੱਖ ਹੋ ਗਈ ਸੀ ਅਤੇ ਕਦੇ-ਕਦਾਈਂ ਹੀ ਉਸ ਨੂੰ ਮਿਲਣ ਆਉਂਦੀ ਸੀ। ਬੱਚੀ ਨੂੰ ਪੁਲਿਸ ਨੇ ਹਸਪਤਾਲ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ। ਗੁਆਂਢੀਆਂ ਅਨੁਸਾਰ ਲਿਊ ਬਹੁਤ ਚੰਗੇ ਦਿਲ ਵਾਲਾ ਬੰਦਾ ਸੀ। ਪੁਲਿਸ ਨੂੰ ਇਸ ਮੌਤ ’ਚ ਕਿਸੇ ’ਤੇ ਸ਼ੱਕ ਨਹੀਂ ਹੈ ਪਰ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Comment