ਮੈਲਬਰਨ : ਅਨਮੋਲ ਬਾਜਵਾ (36) ਨੂੰ ਕਤਲ ਕਰਨ ਦੇ ਦੋਸ਼ ’ਚ ਇਕ 31 ਸਾਲ ਦੇ ਵਿਅਕਤੀ ’ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਅਨਮੋਲ ਬਾਜਵਾ ਦੇ ਕਰੀਬੀ ਲੋਕਾਂ ਨੇ ਦੱਸਿਆ ਕਿ ਉਸ ਨੂੰ ਸੋਮਵਾਰ ਰਾਤ ਨੂੰ ਉਸ ਦੇ Mambourin ਸਥਿਤ ਘਰ ਤੋਂ ਚੁੱਕ ਲਿਆ ਗਿਆ ਸੀ ਅਤੇ ਉਹ ਕਦੇ ਵਾਪਸ ਨਹੀਂ ਪਰਤਿਆ। ਉਸ ਦੀ ਲਾਸ਼ ਸਵੇਰੇ ਕਰੀਬ 7:30 ਵਜੇ ਮੈਲਬਰਨ ਦੇ ਸਾਊਥ-ਵੈਸਟ ਵਿਚ Mambourin ਦੇ ਐਲੀਮੈਂਟਰੀ ਰੋਡ ਨੇੜੇ ਇਕ ਖੇਡ ਦੇ ਮੈਦਾਨ ਬਾਹਰ ਮਿਲੀ। ਵਸਨੀਕਾਂ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਬੀਤੀ ਰਾਤ ਪਾਰਕ ਵਿੱਚ ਚੀਕਾਂ ਸੁਣੀਆਂ। ਪੁਲਿਸ ਇਲਾਕੇ ਤੋਂ CCTV ਅਤੇ ਡੈਸ਼-ਕੈਮ ਫੁਟੇਜ ਦੀ ਮੰਗ ਕਰ ਰਹੀ ਹੈ।
ਅਨਮੋਲ ਆਪਣੇ ਪਿਛੇ ਪਤਨੀ ਤੋਂ ਇਲਾਵਾ 2 ਸਾਲ ਦਾ ਬੇਟਾ ਅਤੇ 6 ਸਾਲ ਦੀ ਬੇਟੀ ਛੱਡ ਗਿਆ ਹੈ। ਅਨਮੋਲ ਬਾਜਵਾ ਦੇ ਭਰਾ ਅਮਨਦੀਪ ਬਾਜਵਾ ਨੇ ਕਿਹਾ ਕਿ ਪਰਿਵਾਰ ਇਸ ਘਾਟੇ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਬਾਜਵਾ ਨੇ ਕਿਹਾ, ‘‘ਉਸ ਦੀ ਛੇ ਸਾਲਾਂ ਦੀ ਬੱਚੀ ਹੈ। ਉਹ ਸਾਨੂੰ ਪੁੱਛ ਰਹੀ ਹੈ ਕਿ ‘ਪਾਪਾ ਘਰ ਕਦੋਂ ਆਉਣਗੇ?’ ਸਾਡੇ ਕੋਲ ਕੋਈ ਜਵਾਬ ਨਹੀਂ ਹੈ।’’ ਅਨਮੋਲ ਦੀ ਪਤਨੀ ਅਤੇ ਬੱਚਿਆਂ ਦੀ ਸਹਾਇਤਾ ਲਈ ਇਕ ਫੰਡਰੇਜ਼ਰ ਸਥਾਪਤ ਕੀਤਾ ਗਿਆ ਹੈ। ਉਸ ਦੇ ਭਰਾ ਨੇ ਕਿਹਾ ਕਿ ਪਰਿਵਾਰ ਨੂੰ ਪੱਕਾ ਪਤਾ ਨਹੀਂ ਹੈ ਕਿ ਕੋਈ ਵੀ ਇਸ ਕ੍ਰਿਕਟ ਖਿਡਾਰੀ ਨੂੰ ਠੇਸ ਕਿਉਂ ਪਹੁੰਚਾਉਣਾ ਚਾਹੇਗਾ, ਜੋ ਆਪਣੀ ਟੀਮ ਦਾ ਕਪਤਾਨ ਸੀ। ਦੋਵੇਂ ਭਰਾ 2009 ’ਚ ਆਸਟ੍ਰੇਲੀਆ ਆਏ ਸਨ।