ਮੈਲਬਰਨ : ਛੁੱਟੀ ਦੇ ਆਸਪਾਸ ਆਸਟ੍ਰੇਲੀਆ ’ਚ ਤਲਾਕ ਲੈਣ ਵਾਲਿਆਂ ਦੀ ਗਿਣਤੀ ’ਚ ਵੱਡਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਦਸੰਬਰ 2024 ਅਤੇ ਜਨਵਰੀ 2025 ਵਿੱਚ ਤਲਾਕ ਤਕਨਾਲੋਜੀ ਪਲੇਟਫਾਰਮ The Separation Guide ’ਤੇ ਵੱਖ ਹੋਣ ਦੀ ਪੁੱਛਗਿੱਛ ਵਿੱਚ 40٪ ਦਾ ਵਾਧਾ ਹੋਇਆ ਹੈ। ਇਸ ਵਾਧੇ ਦਾ ਕਾਰਨ ਛੁੱਟੀਆਂ ਦੇ ਸਮੇਂ ਦੌਰਾਨ ਵਿੱਤੀ ਅਤੇ ਭਾਵਨਾਤਮਕ ਤਣਾਅ ਵਧਣਾ ਦਸਿਆ ਜਾ ਰਿਹਾ ਹੈ। 29 ਦਸੰਬਰ ਨੂੰ ਤਲਾਕ ਬਾਰੇ ਪੁੱਛਗਿੱਛ ’ਚ 88 ਫੀਸਦੀ ਦਾ ਵਾਧਾ ਹੋਇਆ। ਜਦਕਿ ਜਨਵਰੀ ਦੇ ਰੋਜ਼ਾਨਾ ਔਸਤ ਵਿੱਚ 39٪ ਦਾ ਵਾਧਾ ਦਰਜ ਕੀਤਾ ਗਿਆ।
ਮਾਹਰਾਂ ਦਾ ਸੁਝਾਅ ਹੈ ਕਿ ਰਹਿਣ-ਸਹਿਣ ਦੀ ਲਾਗਤ ਦਾ ਸੰਕਟ ਪਰਿਵਾਰਾਂ ’ਤੇ ਵਾਧੂ ਦਬਾਅ ਪਾ ਰਿਹਾ ਹੈ, ਜਿਸ ਨਾਲ ਫਰਵਰੀ ਦੇ ਰਵਾਇਤੀ ‘ਤਲਾਕ ਮਹੀਨੇ’ ਦੀ ਬਜਾਏ ਸਾਲ ਦੇ ਸ਼ੁਰੂ ਵਿਚ ਤਲਾਕ ਦੀ ਪੁੱਛਗਿੱਛ ਵਿਚ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਵੱਖ ਹੋਣ ਅਤੇ ਤਲਾਕ ਦੀ ਔਸਤ ਲਾਗਤ ਪ੍ਰਤੀ ਵਿਅਕਤੀ 21,000 ਡਾਲਰ (ਅਦਾਲਤ ਤੋਂ ਬਾਹਰ) ਜਾਂ 50,000-100,000 ਡਾਲਰ (ਅਦਾਲਤ ਵਿੱਚ) ਹੈ।