ਮੈਲਬਰਨ: ਆਸਟ੍ਰੇਲੀਆ ’ਚ ਪਿਛਲੇ ਸਾਲ ਦੇ ਅੰਤ ਤਕ ਘਰਾਂ ਦੀ ਕੀਮਤ ਘਟਣ ਤੋਂ ਬਾਅਦ ਪਿਛਲੇ ਮਹੀਨੇ ਇੱਕ ਵਾਰੀ ਫਿਰ ਉਛਾਲ ਵੇਖਣ ਨੂੰ ਮਿਲਿਆ ਹੈ। ਹਾਊਸ ਅਤੇ ਯੂਨਿਟਾਂ ਦੀਆਂ ਕੀਮਤਾਂ ਨੂੰ ਵੇਖੀਏ ਤਾਂ ਹੋਬਰਟ ਨੂੰ ਛੱਡ ਕੇ ਪੂਰੇ ਦੇਸ਼ ਅੰਦਰ ਕੀਮਤਾਂ ਔਸਤਨ 0.6 ਫ਼ੀਸਦੀ ਵਧੀਆਂ।
ਕੋਰਲੋਜਿਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਫ਼ਰਵਰੀ ਦੌਰਾਨ ਸਿਡਨੀ ’ਚ ਮਕਾਨਾਂ ਦੀਆਂ ਕੀਮਤਾਂ 0.5 ਫ਼ੀਸਦੀ, ਮੈਲਬਰਨ ’ਚ 0.1 ਫ਼ੀਸਦ, ਬ੍ਰਿਸਬੇਨ ’ਚ 0.9 ਫ਼ੀਸਦੀ, ਡਾਰਵਿਨ ’ਚ 0.1 ਫ਼ੀਸਦੀ, ਕੈਲਬਰਾ ’ਚ 0.7 ਫ਼ੀਸਦੀ ਅਤੇ ਐਡੀਲੇਡ ’ਚ 1.1 ਫ਼ੀਸਦੀ ਵਧੀਆਂ। ਸਭ ਤੋਂ ਜ਼ਿਆਦਾ ਵਾਧਾ ਪਰਥ ’ਚ ਵੇਖਣ ਨੂੰ ਮਿਲਿਆ ਜਿੱਥੇ ਪਿਛਲੇ ਮਹੀਨੇ ਦੌਰਾਨ ਕੀਮਤਾਂ 1.8 ਫ਼ੀਸਦੀ ਵਧੀਆਂ। ਜਦਕਿ ਹੋਬਾਰਡ ’ਚ ਕੀਮਤਾਂ 0.3 ਫ਼ੀਸਦੀ ਹੇਠਾਂ ਡਿੱਗੀਆਂ।
ਪ੍ਰਾਪਰਟੀ ਕੀਮਤਾਂ ’ਚ ਇਹ ਵਾਧਾ ਮਈ 2022 ’ਚ ਲਗਾਤਾਰ 13 ਵਾਰੀ ਵਿਆਜ ਦਰਾਂ ’ਚ ਵਾਧੇ, ਮਹਿੰਗਾਈ, ਰਹਿਣ-ਸ਼ਹਿਣ ਦੀਆਂ ਲਾਗਤਾਂ ’ਚ ਵਾਧੇ ਅਤੇ ਬੇਰੁਜ਼ਗਾਰੀ ਰੇਟ ਵਧਣ ਦੇ ਬਾਵਜੂਦ ਹੋਇਆ ਹੈ। ਇਸ ਵਾਧੇ ਦਾ ਮੁੱਖ ਕਾਰਨ ਮਕਾਨਾਂ ਦੀ ਸਪਲਾਈ ’ਚ ਕਮੀ ਅਤੇ ਇਸ ਸਾਲ ਦੇ ਅੰਤ ਤਕ ਵਿਆਜ ਦਰਾਂ ਨਰਮ ਹੋਣ ਦੀ ਸੰਭਾਵਨਾ ਨੂੰ ਦੱਸਿਆ ਜਾ ਰਿਹਾ ਹੈ।