ਮੈਲਬਰਨ: ਆਸਟ੍ਰੇਲੀਆ ਇੰਟਰਨੈਸ਼ਨਲ ਸਟੂਡੈਂਟਸ ਲਈ ਪੜ੍ਹਾਈ ਤੋਂ ਬਾਅਦ ਦੇ ਕੰਮ ਕਰਨ ਬਾਰੇ ਅਧਿਕਾਰ ਦੀ ਨੀਤੀ ਨੂੰ ਬਦਲਣ ਜਾ ਰਿਹਾ ਹੈ। ਨਵੀਂ ਨੀਤੀ ਅਧੀਨ ਸਟੂਡੈਂਟਸ ਦੇ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਕੰਮ ਦੇ ਉਦੇਸ਼ਾਂ ਲਈ ਦੇਸ਼ ਵਿੱਚ ਰਹਿਣ ਦੀ ਮਿਆਦ ਨੂੰ 4-6 ਸਾਲ ਤੋਂ ਘਟਾ ਕੇ ਮੂਲ 2-3 ਸਾਲ ਕਰ ਦਿੱਤੀ ਗਈ ਹੈ। ਇਹ ਤਬਦੀਲੀ 2024 ਦੇ ਅੱਧ ਤੋਂ ਲਾਗੂ ਹੋਵੇਗੀ। ਇਹ ਫੈਸਲਾ ਅੰਤਰਰਾਸ਼ਟਰੀ ਸਿੱਖਿਆ ਦੀ ਅਖੰਡਤਾ ਅਤੇ ਮਿਆਰ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਇੱਕ ਵਿਆਪਕ ਪ੍ਰਵਾਸ ਰਣਨੀਤੀ ਦਾ ਹਿੱਸਾ ਹੈ। ਇਸ ਰਣਨੀਤੀ ਅਧੀਨ ਪਹਿਲਾਂ ਹੀ ਟੈਂਪਰੇਰੀ ਗ੍ਰੈਜੂਏਟ ਵੀਜ਼ਾ ਪ੍ਰਾਪਤ ਕਰਨ ਲਈ ਜ਼ਰੂਰੀ IELTS ਸਕੋਰ 6 ਤੋਂ ਵਧਾ ਕੇ 6.5 ਕਰ ਦਿੱਤਾ ਗਿਆ ਹੈ। ਬਿਨੈਕਾਰਾਂ ਲਈ ਉਮਰ ਹੱਦ ਵੀ 50 ਤੋਂ ਘਟਾ ਕੇ 35 ਸਾਲ ਕਰ ਦਿੱਤੀ ਗਈ ਹੈ, ਅਤੇ ਹੁਣ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਦੇ ਆਸਟ੍ਰੇਲੀਆ ’ਚ ਕੰਮ ਕਰਨ ਦੇ ਅਧਿਕਾਰਾਂ ਦੇ ਵਿਸਥਾਰ ਲਈ ਵੀ ਕੋਈ ਹੋਰ ਮੌਕਾ ਨਹੀਂ ਮਿਲੇਗਾ, ਸਿਵਾਏ ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਨੇ ਕਿਸੇ ਰੀਜਨਲ ਇਲਾਕੇ ’ਚ ਆਪਣੀ ਸਿੱਖਿਆ ਪੂਰੀ ਕੀਤੀ ਹੈ। ਆਸਟ੍ਰੇਲੀਆ ਅਗਲੇ ਦੋ ਸਾਲਾਂ ਵਿੱਚ ਆਪਣੇ ਪ੍ਰਵਾਸੀਆਂ ਦੀ ਗਿਣਤੀ ਨੂੰ ਅੱਧਾ ਕਰਨ ਦੀ ਯੋਜਨਾ ਬਣਾ ਰਿਹਾ ਹੈ।