ਮੈਲਬਰਨ: ਨਿਊਜ਼ੀਲੈਂਡ ਦੇ ਵ੍ਹਾਈਟ ਆਈਲੈਂਡ ‘ਤੇ 2019 ਵਿਚ ਇਕ ਜਵਾਲਾਮੁਖੀ ਦੇ ਫਟਣ ਕਾਰਨ ਮਾਰੇ ਗਏ 22 ਸੈਲਾਨੀਆਂ ਦੀ ਮੌਤ ਦੇ ਮਾਮਲੇ ’ਚ ਨਿਊਜ਼ੀਲੈਂਡ ਦੇ ਇੱਕ ਜੱਜ ਨੇ ਪੀੜਤਾਂ ਦੇ ਪਰਿਵਾਰਾਂ ਨੂੰ 102 ਲੱਖ ਨਿਊਜ਼ੀਲੈਂਡ ਡਾਲਰ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਆਕਲੈਂਡ ਜ਼ਿਲ੍ਹਾ ਅਦਾਲਤ ਦੀ ਜੱਜ ਇਵਾਂਜੇਲੋਸ ਥਾਮਸ ਨੇ ਅੱਜ ਚਾਰ ਕੰਪਨੀਆਂ ਨੂੰ ਸਜ਼ਾ ਸੁਣਾਈ ਜੋ ਨੇ ਇਸ ਦੁਖਾਂਤ ਨੂੰ ਲੈ ਕੇ ‘ਹੈਲਥ ਐਂਡ ਸੇਫਟੀ ਐਟ ਵਰਕ ਐਕਟ’ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਅਸਫਲ ਰਹਿਣ ਦੀਆਂ ਦੋਸ਼ੀ ਠਹਿਰਾਈਆਂ ਗਈਆਂ ਸਨ।
ਜ਼ਿਕਰਯੋਗ ਹੈ ਕਿ 9 ਦਸੰਬਰ 2019 ਨੂੰ ਜਵਾਲਾਮੁਖੀ ‘ਚ ਧਮਾਕਾ ਹੋਇਆ ਸੀ, ਜਿਸ ‘ਚ 17 ਆਸਟ੍ਰੇਲੀਆਈ ਨਾਗਰਿਕਾਂ ਸਮੇਤ 22 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ’ਚ ਅਮਰੀਕਾ, ਨਿਊਜ਼ੀਲੈਂਡ, ਜਰਮਨੀ, ਬ੍ਰਿਟੇਨ, ਚੀਨ ਅਤੇ ਮਲੇਸ਼ੀਆ ਦੇ ਸੈਲਾਨੀ ਵੀ ਸ਼ਾਮਲ ਸਨ। ਕਈ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਕੁੱਲ 47 ਸੈਲਾਨੀਆਂ ਨੂੰ ਜਵਾਲਾਮੁਖੀ ਦੀ ਸੈਰ ਲਈ ਲਿਜਾਇਆ ਗਿਆ ਸੀ। ਟਾਪੂ ਦੀ ਮਾਲਕੀ ਵਾਲੀ ਕੰਪਨੀ ਵਹਾਕਾਰੀ ਮੈਨੇਜਮੈਂਟ ਲਿਮਟਿਡ ਨੂੰ ਪੀੜਤਾਂ ਨੂੰ 4.57 ਮਿਲੀਅਨ ਨਿਊਜ਼ੀਲੈਂਡ ਡਾਲਰ ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਹੈ।
ਵ੍ਹਾਈਟ ਆਈਲੈਂਡ ਟੂਰਸ, ਜੋ ਸੈਲਾਨੀਆਂ ਨੂੰ ਟਾਪੂ ‘ਤੇ ਲੈ ਕੇ ਆਇਆ ਸੀ, ਨੂੰ ਮੁਆਵਜ਼ੇ ਵਜੋਂ 4.68 ਮਿਲੀਅਨ ਨਿਊਜ਼ੀਲੈਂਡ ਡਾਲਰ ਦਾ ਭੁਗਤਾਨ ਕਰਨ ਦਾ ਹੁਕਤ ਦਿੱਤਾ ਗਿਆ। ਤਿੰਨ ਹੋਰ ਟੂਰ ਕੰਪਨੀਆਂ ਨੂੰ ਵੀ ਹਰਜਾਨੇ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਹੈ। ਭੁਗਤਾਨ ਪੀੜਤਾਂ ਵਿੱਚ ਵੰਡਿਆ ਜਾਵੇਗਾ, ਵੱਡੀ ਰਕਮ ਮਾਰੇ ਗਏ 22 ਲੋਕਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ। ਵ੍ਹਾਈਟ ਆਈਲੈਂਡ ‘ਤੇ ਸੈਰ-ਸਪਾਟਾ ਗਤੀਵਿਧੀਆਂ ਧਮਾਕੇ ਤੋਂ ਬਾਅਦ ਦੁਬਾਰਾ ਸ਼ੁਰੂ ਨਹੀਂ ਹੋਈਆਂ ਹਨ।