ਕਿੰਗ ਚਾਰਸਲ ਦਾ ਤੀਜਾ ਪੁੱਤਰ ਹੋਣ ਦਾ ਦਾਅਵਾ ਕਰਨ ਵਾਲੇ ਦਾ ਨਵਾਂ ਖ਼ੁਲਾਸਾ, ਜਾਣੋ ਸ਼ਾਹੀ ਘਰਾਣੇ ’ਚੋਂ ਕਿਸ ਦਾ ਮਿਲ ਰਿਹੈ ਸਾਥ

ਮੈਲਬਰਨ: ਕਿੰਗ ਚਾਰਸਲ III ਅਤੇ ਕੈਮਿਲਾ ਦਾ ਪੁੱਤਰ ਹੋਣ ਦਾ ਦਾਅਵਾ ਕਰਨ ਵਾਲੇ ਕੁਈਨਜ਼ਲੈਂਡ ਦੇ ਇੱਕ ਵਿਅਕਤੀ ਨੇ ਨਵਾਂ ਦਾਅਵਾ ਕਰ ਕੇ ਮੁੜ ਤਰਥੱਲੀ ਮਚਾ ਦਿੱਤੀ ਹੈ। ਸਾਈਮਨ ਡੋਰਾਂਟੇ-ਡੇ ਦਾ ਕਹਿਣਾ ਹੈ ਕਿ ਉਹ ਆਪਣਾ ਦਾਅਵਾ ਸਹੀ ਸਾਬਤ ਕਰਨ ਲਈ ਕਿੰਗ ਚਾਰਸਲ III ਦੇ ਛੋਟੇ ਪੁੱਤਰ ਹੈਰੀ ਨਾਲ ਆਪਣਾ DNA ਮਿਲਾਉਣ ਲਈ ਸੰਪਰਕ ਕਰਨ ਵਾਲੇ ਹਨ। 57 ਸਾਲਾਂ ਦੇ ਸਾਈਮਨ ਅਤੇ ਉਨ੍ਹਾਂ ਦੀ ਪਤਨੀ ਏਲਵੀਆਨਾ ਨੇ ਕਿਹਾ ਹੈ ਕਿ ਇੱਕ ‘ਭਰੋਸੇਯੋਗ ਸੂਤਰ’ ਨੇ ਕਿਹਾ ਹੈ ਕਿ ਹੈਰੀ ਇਸ ਬਾਰੇ ਸਬੂਤ ਇਕੱਠਾ ਕਰਨ ਲਈ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੋ ਸਕਦੇ ਹਨ।

ਸਾਈਮਨ ਨੇ ਮੀਡੀਆ ਨਾਲ ਗੱਲਬਾਤ ’ਚ ਕਿਹਾ, ‘‘ਜਦੋਂ ਉਸ ਨੇ ਇਹ ਕਿਹਾ ਤਾਂ ਮੈਂ ਸੱਚਮੁੱਚ ਹੈਰਾਨ ਰਹਿ ਗਿਆ। ਪਰ ਮੈਂ ਇਹ ਨਿਸ਼ਚਤ ਤੌਰ ‘ਤੇ ਕਰਨ ਜਾ ਰਿਹਾ ਹਾਂ। ਮੈਂ ਲੰਬੇ ਸਮੇਂ ਤੋਂ ਹੈਰੀ ਅਤੇ ਮੇਗਨ ਦਾ ਸਮਰਥਕ ਰਿਹਾ ਹਾਂ, ਮੈਨੂੰ ਲੱਗਦਾ ਹੈ ਕਿ ਸ਼ਾਹੀ ਪਰਿਵਾਰ ਨੇ ਉਨ੍ਹਾਂ ਨਾਲ ਜਿਸ ਤਰ੍ਹਾਂ ਦਾ ਸਲੂਕ ਕੀਤਾ ਹੈ, ਉਹ ਸ਼ਰਮਨਾਕ ਹੈ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਵਾਂਗ ਹੈਰੀ ਨਾਲ ਵੀ ਨਾਇਨਸਾਫ਼ੀ ਹੋਈ ਹੈ। ਸਾਈਮਨ ਦਾ ਪ੍ਰਗਟਾਵਾ ਕਿੰਗ ਚਾਰਸਲ III ਵੱਲੋਂ ਖ਼ੁਦ ਨੂੰ ਕੈਂਸਰ ਹੋਣ ਦੇ ਐਲਾਨ ਤੋਂ ਕੁੱਝ ਦਿਨ ਬਾਅਦ ਹੀ ਆਇਆ ਹੈ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਕਿੰਗ ਚਾਰਸਲ III ਕੈਂਸਰ ਦੀ ਬਿਮਾਰੀ ਤੋਂ ਛੇਤੀ ਠੀਕ ਹੋ ਜਾਣਗੇ।

Leave a Comment