ਮੈਲਬਰਨ : ਪੰਜਾਬੀ ਕਲਾਊਡ ਟੀਮ
-ਆਸਟਰੇਲੀਆ ਦੀ ਵਿਕਟੋਰੀਆ ਸਟੇਟ ਨੇ ਸੈਕੰਡਰੀ ਟੀਚਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਅਗਲੇ ਸਾਲ ਤੋਂ ਸੈਕੰਡਰੀ ਟੀਚਿੰਗ ਵਾਸਤੇ ਕੋਰਸ ਮੁਫ਼ਤ ਕਰਵਾਉਣ ਦਾ ਐਲਾਨ ਕੀਤਾ ਹੈ। (Free Teaching Course in Australia from next Year) ਭਾਵ ਨਵੇਂ ਗਰੈਜ਼ੂਏਟ ਤਿਆਰ ਕਰਨ ਲਈ ਸਰਕਾਰ ਆਪਣੇ ਪੱਲਿਉਂ ਫ਼ੀਸ ਭਰੇਗੀ। ਸਰਕਾਰ ਇਹ ਫ਼ੈਸਲਾ ਇਸ ਕਰਕੇ ਲਿਆ ਹੈ, ਕਿਉਂਕਿ ਪਿਛਲੇ ਸਮੇਂ ਤੋਂ ਮੰਗ ਉੱਠ ਰਹੀ ਸੀ ਕਿ ਮੈਲਬਰਨ ਦੇ ਵਿਕਾਸ ਕਰ ਰਹੇ ਖੇਤਰਾਂ `ਚ ਟੀਚਰਜ਼ ਦੀ ਵੱਡੀ ਘਾਟ ਹੈ। ਮੰਨਿਆ ਜਾ ਰਿਹਾ ਹੈ ਇਸ ਵੇਲੇ ਵਿਕਟੋਰੀਆ `ਚ ਟੀਚਰਾਂ ਦੀਆਂ 2600 ਪੋਸਟਾਂ ਖਾਲੀ ਪਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅਗਲੇ ਸਾਲ 2024-25 ਦੌਰਾਨ ਜਿਹੜੇ ਲੋਕ ਸੈਕੰਡਰੀ ਸਕੂਲ `ਚ ਪੜ੍ਹਾਉਣ ਲਈ ਡਿਗਰੀ ਕੋਰਸ `ਚ ਦਾਖ਼ਲਾ ਲੈਣਗੇ, ਉਨ੍ਹਾਂ ਵਾਸਤੇ ਆਪਣੀ ਫ਼ੀਸ ਆਪ ਭਰਨ ਦਾ ਝੰਜਟ ਨਹੀਂ ਰਹੇਗਾ। ਸਰਕਾਰ ਦਾ ਕਹਿਣਾ ਹੈ ਕਿ ਟੀਚਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਲਿਆ ਗਿਆ ਨਵਾਂ ਫ਼ੈਸਲਾ 229 ਮਿਲੀਅਨ ਡਾਲਰ ਦੇ ਪੈਕੇਜ ਦਾ ਹਿੱਸਾ ਹੈ।
ਪ੍ਰੀਮੀਅਰ ਡੈਨੀਅਲ ਐਂਡਰੀਉ ਦਾ ਕਹਿਣਾ ਹੈ ਕਿ ਨਵੇਂ ਫ਼ੈਸਲੇ ਨਾਲ ਵਿਕਟੋਰੀਆ ਦੇ ਲੋਕਾਂ ਦਾ ਟੀਚਰ ਬਣਨ ਵਾਸਤੇ ਅੜਿੱਕਾ ਦੂਰ ਹੋ ਗਿਆ ਹੈ ਅਤੇ ਸਟੇਟ ਨੂੰ ਵਧੀਆ ਟੀਚਰ ਮਿਲਣਗੇ। ਉਨ੍ਹਾਂ ਦੱਸਿਆ ਕਿ ਇੱਕ ਅੰਦਾਜ਼ੇ ਅਨੁਸਾਰ 4000 ਹਜ਼ਾਰ ਲੋਕਾਂ ਨੂੰ ਫਾਇਦਾ ਹੋਵੇਗਾ, ਜੋ ਟੀਚਰ ਬਣਨ ਦੀ ਇੱਛਾ ਰੱਖਦੇ ਹਨ।
ਆਸਟਰੇਲੀਅਨ ਐਜ਼ੂਕੇਸ਼ਨ ਯੂਨੀਅਨ ਦੀ ਵਿਕਟੋਰੀਆ ਬਰਾਂਚ ਨੇ ਸਰਕਾਰ ਦੇ ਨਵੇਂ ਫ਼ੈਸਲੇ ਦਾ ਸਵਾਗਤ ਕਰਦਿਆਂ ਆਖਿਆ ਹੈ ਕਿ ਨਵੇਂ ਸਟੂਡੈਂਟ ਟੀਚਰਜ ਦੀ ਮੱਦਦ ਕੀਤੀ ਜਾਣੀ ਚੰਗੀ ਗੱਲ ਹੈ ਪਰ ਅਜੇ ਵੀ ਹੋਰ ਬਹੁਤ ਕੁੱਝ ਕਰਨ ਦੀ ਲੋੜ ਹੈ।
ਇੰਡੀਪੈਂਡੈਂਟ ਸਕੂਲਜ ਸੈਕਟਰ ਨੇ ਵੀ ਸਰਕਾਰ ਦੇ ਫ਼ੈਸਲੇ ਨੂੰ ਸਲਾਹਿਆ ਹੈ।
ਐਜੂਕੇਸ਼ਨ ਮਨਿਸਟਰ ਨੈਟਲੀ ਹੱਚਨਜ ਦਾ ਕਹਿਣਾ ਹੈ ਕਿ ਸਾਲ 2020 ਤੋਂ ਲੈ ਕੇ 2022 ਤੱਕ ਵਿਕਟੋਰੀਆ `ਚ ਰਜਿਸਟਡ ਟੀਚਰਾਂ ਦੀ ਗਿਣਤੀ ਵਧ ਕੇ ਕਰੀਬ 5000 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਟੀਚਰਾਂ ਨੂੰ ਦੂਰ-ਦੁਰਾਡੇ ਖੇਤਰਾਂ `ਚ ਜੌਬ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ 27 ਮਿਲੀਅਨ ਡਾਲਰ ਰੱਖੇ ਜਾਣਗੇ ਅਤੇ ਇੰਸੈਂਟਿਵ 50 ਹਜ਼ਾਰ ਡਾਲਰ ਤੱਕ ਹੋਵੇਗਾ।