ਮੈਲਬਰਨ : ਆਸਟ੍ਰੇਲੀਆ ਦੇ ਮਸ਼ਹੂਰ ਅਰਬਪਤੀ ਕਾਰੋਬਾਰੀ Andrew Forrest, ਜਿਨ੍ਹਾਂ ਨੂੰ “Twiggy” ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਹੁਣ ਸੋਸ਼ਲ ਮੀਡੀਆ ਕੰਪਨੀ Meta ਖ਼ਿਲਾਫ਼ ਇੱਕ ਵੱਡੀ ਕਾਨੂੰਨੀ ਲੜਾਈ ਲੜ ਰਹੇ ਹਨ। ਇਹ ਮਾਮਲਾ ਸਿਰਫ਼ ਉਨ੍ਹਾਂ ਦੀ ਇੱਜ਼ਤ ਨਾਲ ਨਹੀਂ, ਸਗੋਂ ਉਨ੍ਹਾਂ ਹਜ਼ਾਰਾਂ ਲੋਕਾਂ ਨਾਲ ਵੀ ਜੁੜਿਆ ਹੈ ਜੋ ਨਕਲੀ ਜਾਂ fake investment ads ਰਾਹੀਂ ਠੱਗੇ ਗਏ।
Forrest ਦਾ ਦੋਸ਼ ਹੈ ਕਿ ਕਈ ਸਾਲਾਂ ਤੋਂ ਉਨ੍ਹਾਂ ਦੀ ਤਸਵੀਰ ਅਤੇ ਨਾਮ ਬਿਨਾਂ ਇਜਾਜ਼ਤ ਦੇ Facebook ਅਤੇ Instagram ਵਰਗੀਆਂ ਪਲੇਟਫਾਰਮਾਂ ’ਤੇ ਵਰਤ ਕੇ ਨਕਲੀ ਨਿਵੇਸ਼ ਸਕੀਮਾਂ ਦਾ ਪ੍ਰਚਾਰ ਕੀਤਾ ਗਿਆ। ਇਹ ads ਲੋਕਾਂ ਨੂੰ ਵੱਡੇ ਮੁਨਾਫੇ ਦਾ ਲਾਲਚ ਦਿੰਦੇ ਸਨ, ਪਰ ਅਸਲ ਵਿੱਚ ਇਹ ਠੱਗੀ ਦਾ ਜਾਲ ਸੀ ਜਿਸ ਨਾਲ ਕਈ ਲੋਕ ਆਪਣੀ ਬਚਤ ਗਵਾ ਬੈਠੇ।
ਹੁਣ ਇਹ ਮਾਮਲਾ ਅਮਰੀਕਾ ਦੀ ਫੈਡਰਲ ਅਦਾਲਤ ਤੱਕ ਪਹੁੰਚ ਗਿਆ ਹੈ, ਜਿੱਥੇ Forrest ਦੀ ਟੀਮ ਕਹਿ ਰਹੀ ਹੈ ਕਿ Meta ਇਸ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦਾ। ਖ਼ਾਸ ਕਰਕੇ ਇਹ ਸਵਾਲ ਉੱਠ ਰਿਹਾ ਹੈ ਕਿ ਜਿੱਥੇ ਕੰਪਨੀ paid ads ਤੋਂ ਪੈਸਾ ਕਮਾਉਂਦੀ ਹੈ, ਉੱਥੇ ਕੀ ਉਹ ਆਪਣੀ ਜ਼ਿੰਮੇਵਾਰੀ ਤੋਂ ਬਚ ਸਕਦੀ ਹੈ ਜਾਂ ਨਹੀਂ।
Forrest ਦੇ ਵਕੀਲਾਂ ਦਾ ਕਹਿਣਾ ਹੈ ਕਿ ਇਹ ਕੇਸ ਇੱਕ ਨਵਾਂ ਮੋੜ ਲਿਆ ਸਕਦਾ ਹੈ, ਕਿਉਂਕਿ ਪਹਿਲੀ ਵਾਰ ਇਹ ਗੱਲ ਖੁੱਲ੍ਹ ਕੇ ਅਦਾਲਤ ਵਿੱਚ ਚਰਚਾ ਹੋ ਰਹੀ ਹੈ ਕਿ ਕੀ ਸੋਸ਼ਲ ਮੀਡੀਆ ਕੰਪਨੀਆਂ ਨੂੰ paid ads ਲਈ ਵੀ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਹ ਵੀ ਦਲੀਲ ਦਿੱਤੀ ਗਈ ਹੈ ਕਿ Meta ਵੱਲੋਂ ਕੁਝ ਸਬੂਤਾਂ ਨੂੰ ਠੀਕ ਤਰ੍ਹਾਂ ਸੰਭਾਲਿਆ ਨਹੀਂ ਗਿਆ, ਜਿਸ ਨਾਲ ਮਾਮਲਾ ਹੋਰ ਗੰਭੀਰ ਬਣ ਗਿਆ ਹੈ।
ਉਧਰ Meta ਦਾ ਕਹਿਣਾ ਹੈ ਕਿ ਇਹ ਸਮੱਗਰੀ ਉਸ ਨੇ ਖੁਦ ਨਹੀਂ ਬਣਾਈ, ਸਗੋਂ ਤੀਜੇ ਪੱਖ ਵੱਲੋਂ ਪੋਸਟ ਕੀਤੀ ਗਈ ਸੀ, ਅਤੇ ਕੰਪਨੀ ਨੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਹੈ।
ਇਹ ਮਾਮਲਾ ਹੁਣ ਸਿਰਫ਼ ਇੱਕ ਵਿਅਕਤੀ ਅਤੇ ਇੱਕ ਕੰਪਨੀ ਦੇ ਵਿਚਕਾਰ ਨਹੀਂ ਰਹਿ ਗਿਆ, ਸਗੋਂ ਇਹ ਪੂਰੇ ਡਿਜੀਟਲ ਸਿਸਟਮ ਲਈ ਇੱਕ ਟੈਸਟ ਬਣ ਗਿਆ ਹੈ। ਜੇ Forrest ਇਹ ਕੇਸ ਜਿੱਤ ਜਾਂਦੇ ਹਨ, ਤਾਂ ਭਵਿੱਖ ਵਿੱਚ ਸੋਸ਼ਲ ਮੀਡੀਆ ਕੰਪਨੀਆਂ ਨੂੰ ਆਪਣੇ ਪਲੇਟਫਾਰਮ ’ਤੇ ਚੱਲ ਰਹੀਆਂ ads ਲਈ ਹੋਰ ਜ਼ਿਆਦਾ ਜਵਾਬਦੇਹ ਬਣਨਾ ਪੈ ਸਕਦਾ ਹੈ।
ਇਸ ਵੇਲੇ ਸਭ ਦੀ ਨਜ਼ਰ ਅਦਾਲਤ ਦੇ ਫੈਸਲੇ ’ਤੇ ਟਿਕੀ ਹੋਈ ਹੈ, ਕਿਉਂਕਿ ਇਹ ਕੇਸ ਤੈਅ ਕਰ ਸਕਦਾ ਹੈ ਕਿ ਆਨਲਾਈਨ ਦੁਨੀਆ ਵਿੱਚ ਆਖ਼ਿਰ ਜ਼ਿੰਮੇਵਾਰੀ ਕਿਸਦੀ ਹੈ, ਪਲੇਟਫਾਰਮ ਦੀ ਜਾਂ ਸਿਰਫ਼ ਯੂਜ਼ਰ ਦੀ।
