ਪੰਜਾਬੀ ਸੱਥ ਪਰਥ ਅਤੇ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟਰੇਲੀਆ ਦਾ ਸਾਂਝਾ ਉਪਰਾਲਾ
ਪਰਥ : ਪ੍ਰਸਿੱਧ ਪੰਜਾਬੀ ਲੇਖਕ ਗੱਜਣ ਵਾਲਾ ਸੁਖਮਿੰਦਰ ਸਿੰਘ ਦੀ ਪੁਸਤਕ “ਪੋਥੀ ਪਰਮੇਸਰ ਕਾ ਥਾਨ ਤੋਂ ਗੁਰੂ ਮਾਨਿਓ ਗ੍ਰੰਥ” ਦਾ ਲੋਕ ਅਰਪਣ ਪਰਥ ਵਿਖੇ ਸਿੱਖ ਗੁਰਦੁਆਰਾ ਸਾਹਿਬ ਕੈਨਿੰਗ ਵੇਲ ਵਿਖੇ ਕੀਤਾ ਗਿਆ। ਗੱਜਣਵਾਲਾ ਜੀ ਦੀ ਜੀਵਨੀ ਅਤੇ ਉਨ੍ਹਾਂ ਦੇ ਸਾਹਿਤਕ ਤੇ ਧਾਰਮਿਕ ਯੋਗਦਾਨ ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਪੰਜਾਬੀ ਸੱਥ ਪਰਥ ਦੇ ਸੰਚਾਲਕ ਅਤੇ ਮੰਚ ਸੰਚਾਲਕ ਰਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਗੱਜਣਵਾਲਾ ਜੀ ਵੱਲੋਂ ਚੇਤਿਆਂ ਵਿੱਚ ਪਿੰਡ ਵੱਸਦਾ ਇੱਕ ਲਗਾਤਾਰ ਕਾਲਮ ਚਲਾਇਆ ਜਾ ਰਿਹਾ ਹੈ। ਗੱਜਣਵਾਲਾ ਬਹੁਤ ਲੰਮੇ ਸਮੇਂ ਤੋਂ ਪੰਜਾਬੀ ਅਖਬਾਰਾਂ ਦੇ ਕਾਲਮ ਨਵੀਸ ਚੱਲੇ ਆ ਰਹੇ ਨੇ। ਉਨ੍ਹਾਂ ਨੇ ਤਿੰਨ ਕਿਤਾਬਾਂ ਹੁਣ ਤੱਕ ਪਾਠਕਾਂ ਦੀ ਝੋਲੀ ਪਾਈਆਂ ਨੇ ਤੇ ਹੁਣ ਜੋ ਕਿਤਾਬ ਉਨ੍ਹਾਂ ਨੇ “ਪੋਥੀ ਪਰਮੇਸ਼ਰ ਕਾ ਥਾਣ ਤੋਂ ਗੁਰੂ ਮਾਨਿਓ ਗ੍ਰੰਥ” (ਇੱਕ ਇਤਿਹਾਸਿਕ ਤੇ ਰੂਹਾਨੀ ਸਫਰ) ਪਾਠਕਾਂ ਦੀ ਝੋਲੀ ਪਾਈ ਹੈ।
ਗੱਜਣਵਾਲਾ ਸੁਖਵਿੰਦਰ ਸਿੰਘ ਨੇ ਕਿਤਾਬ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਆਪਣੇ ਵੱਲੋਂ ਕੀਤੇ ਗਏ ਇਸ ਖੋਜ ਵਿਸ਼ੇ ਦੀ ਵਿਸਥਾਰ ਸਹਿਤ ਜਾਣਕਾਰੀ ਸੰਗਤ ਦੇ ਨਾਲ ਸਾਂਝੀ ਕੀਤੀ ਤੇ ਕਿਤਾਬ ਦੇ ਬਾਰੇ ਸਰੋਤਿਆਂ ਵੱਲੋਂ ਕੀਤੇ ਗਏ ਸਵਾਲਾਂ ਦੇ ਬਹੁਤ ਸਹਿਜ ਤੇ ਠਰੰਮੇ ਦੇ ਨਾਲ ਜਵਾਬ ਦਿੱਤੇ।

ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਵੱਲੋਂ ਪ੍ਰਧਾਨ ਸਰਦਾਰ ਅਮਰ ਸਿੰਘ ਜੀ ਨੇ ਗੱਜਣਵਾਲਾ ਦਾ ਸਵਾਗਤ ਕੀਤਾ ਤੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਾਵਾ ਵੱਲੋਂ ਲਗਾਤਾਰ ਕੀਤੇ ਜਾ ਰਹੇ ਧਾਰਮਿਕ ਤੇ ਸਾਹਿਤਕ ਕਾਰਜਾਂ ਦੀ ਜਾਣਕਾਰੀ ਸਾਂਝੀ ਕੀਤੀ।
ਵਾਈਸ ਪ੍ਰਧਾਨ ਸ. ਹਰਮੋਹਿੰਦਰ ਸਿੰਘ ਧੰਮੂ ਸਾਹਿਬ ਨੇ ਗੱਜਣਵਾਲਾ ਨੂੰ ਜੀ ਆਇਆਂ ਕਿਹਾ ਤੇ ਪਹੁੰਚੀਆਂ ਸਾਰੀਆਂ ਹੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਅਤੇ ਸਾਵਾ ਵੱਲੋਂ ਚਲਾਈ ਜਾ ਰਹੀ ਲਾਈਬ੍ਰੇਰੀ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ। ਗੱਜਣਵਾਲਾ ਵੱਲੋਂ ਇੱਕ ਪੁਸਤਕ ਸਾਵਾ ਦੀ ਲਾਇਬਰੇਰੀ ਲਈ ਭੇਂਟ ਕੀਤੀ ਗਈ ਤੇ ਉਨ੍ਹਾਂ ਵੱਲੋਂ ਬੇਨਤੀ ਕੀਤੀ ਗਈ ਕਿ ਸਾਰੇ ਹੀ ਪਾਠਕ ਕਿਤਾਬ ਨੂੰ ਜ਼ਰੂਰ ਪੜ੍ਹਨ ਤੇ ਜੇਕਰ ਉਨ੍ਹਾਂ ਦੇ ਮਨ ’ਚ ਕੋਈ ਵੀ ਸਵਾਲ ਪੈਦਾ ਹੁੰਦਾ ਹੈ ਤਾਂ ਉਨ੍ਹਾਂ ਨੇ ਆਪਣਾ ਨੰਬਰ ਸਾਂਝਾ ਕਰਦਿਆਂ ਕਿਹਾ ਕਿ ਇਸ ਨੰਬਰ ’ਤੇ ਸੰਪਰਕ ਕਰ ਕੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰ ਸਕਦੇ ਹੋ।
ਇਸ ਮੌਕੇ ਪੰਜਾਬੀ ਸੱਥ ਪਰਥ ਦੇ ਸਾਰੇ ਹੀ ਅਹੁਦੇਦਾਰ ਸ. ਹਰਮਨ ਸਿੰਘ ਧਾਲੀਵਾਲ, ਸ. ਪਰਮਿੰਦਰ ਸਿੰਘ, ਸ. ਕੁਲਵਿੰਦਰ ਸਿੰਘ ਸਿੱਧੂ ਅਤੇ ਸ. ਤਰੁਨਪ੍ਰੀਤ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਸਰਮਜੀਤ ਸਿੰਘ, ਸ. ਜਸਪ੍ਰੀਤ ਸਿੰਘ, ਸ. ਅਮਨਦੀਪ ਸਿੰਘ, ਸ. ਅਮਰੀਕ ਸਿੰਘ ਅਤੇ ਹੋਰ ਸਾਰੇ ਪਤਵੰਤੇ ਪਾਠਕਾਂ ਨੇ ਹਾਜ਼ਰੀ ਲਗਵਾਈ।
ਪੰਜਾਬੀ ਸੱਥ ਪਰਥ ਸ. ਮੋਤਾ ਸਿੰਘ ਜੀ ਸਰਾਏ ਸਾਹਿਬ ਅਤੇ ਡਾ. ਨਿਰਮਲ ਸਿੰਘ ਜੀ ਲਾਂਬੜਾਂ ਵੱਲੋਂ ਚਲਾਈ ਲਹਿਰ ਅਧੀਨ ਸਾਹਿਤਕ ਅਤੇ ਧਾਰਮਿਕ ਲਿਖਤਾਂ ਦੀ ਜਾਣਕਾਰੀ ਪਾਠਕਾਂ ਤੱਕ ਪਹੁੰਚਾਉਣ ਲਈ ਹਮੇਸ਼ਾ ਹੀ ਯਤਨਸ਼ੀਲ ਹੈ। ਸੱਥ ਦੇ ਨੁਮਾਇੰਦੇ ਹਰਮਨ ਧਾਲੀਵਾਲ ਵੱਲੋਂ ਸਾਵਾ ਦਾ ਧੰਨਵਾਦ ਕੀਤਾ ਗਿਆ, ਕਿ ਸਾਵਾ ਹਮੇਸ਼ਾ ਹੀ ਪੰਜਾਬੀ ਸੱਥ ਵੱਲੋਂ ਕੀਤੇ ਉੱਦਮਾਂ ਦੀ ਸਹਿਯੋਗੀ ਬਣ ਲੰਮੇ ਸਮੇਂ ਤੋਂ ਸੱਥ ਨੂੰ ਹਲਾਸ਼ੇਰੀ ਦੇ ਰਹੀ ਹੈ।
