ਮੈੱਲਬਰਨ : ਆਸਟ੍ਰੇਲੀਆ ਦੀ ਫ਼ੈਡਰਲ ਸਰਕਾਰ ਨੇ ਸਟੂਡੈਂਟ ਵੀਜ਼ਾ ਪ੍ਰਣਾਲੀ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਦਿਆਂ Graduate Diploma of Management (Learning) ’ਚ ਇੰਟਰਨੈਸ਼ਨਲ ਸਟੂਡੈਂਟਸ ਲਈ ਨਵੇਂ ਦਾਖ਼ਲਿਆਂ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਸਰਕਾਰ ਨੇ ਆਪਣੀਆਂ ਨਵੀਆਂ course-cancellation ਸ਼ਕਤੀਆਂ ਦੀ ਵਰਤੋਂ ਕਰਦਿਆਂ ਇਹ ਫੈਸਲਾ ਲਿਆ ਹੈ ਤਾਂ ਜੋ ਦੇਸ਼ ਵਿੱਚ ਅੰਤਰਰਾਸ਼ਟਰੀ ਸਿੱਖਿਆ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਨੂੰ ਬਰਕਰਾਰ ਰੱਖਿਆ ਜਾ ਸਕੇ।
ਸਰਕਾਰ ਅਨੁਸਾਰ, ਇਹ ਡਿਪਲੋਮਾ ਅਸਲ ਪੜ੍ਹਾਈ ਦੀ ਬਜਾਏ ਆਸਟ੍ਰੇਲੀਆ ’ਚ ਆਪਣਾ ਵੀਜ਼ਾ ਵਧਾਉਣ ਅਤੇ ਠਹਿਰਾਅ ਲੰਮਾ ਕਰਨ ਲਈ ਇੱਕ ਸਾਧਨ ਵਜੋਂ ਵਰਤਿਆ ਜਾ ਰਿਹਾ ਸੀ। ਅੰਕੜਿਆਂ ਮੁਤਾਬਕ, 2020 ’ਚ ਇਸ ਕੋਰਸ ’ਚ 510 ਟਰਾਂਸਫਰ ਦਰਜ ਹੋਏ ਸਨ, ਜੋ 2025 ਤੱਕ ਵਧ ਕੇ 4,000 ਹੋ ਗਏ। ਇਨ੍ਹਾਂ ’ਚੋਂ ਲਗਭਗ 77 ਫੀਸਦੀ ਵਿਦਿਆਰਥੀ higher education ਤੋਂ ਇਸ VET ਕੋਰਸ ’ਚ ਸ਼ਿਫਟ ਹੋਏ ਸਨ, ਜਿਸ ਨਾਲ ਉਹ ਬਿਨਾਂ ਨਵੀਂ ਵੀਜ਼ਾ ਅਰਜ਼ੀ ਦੇ ਦੇਸ਼ ’ਚ ਰਹਿਣ ਦੇ ਯੋਗ ਹੋ ਜਾਂਦੇ ਸਨ। 2025 ’ਚ ਦਾਖ਼ਲਾ ਲੈਣ ਵਾਲੇ ਲਗਭਗ ਅੱਧੇ ਵਿਦਿਆਰਥੀਆਂ ਨੇ ਕਲਾਸਾਂ ਸ਼ੁਰੂ ਹੀ ਨਹੀਂ ਕੀਤੀਆਂ।
Assistant Minister for International Education, Julian Hill ਨੇ ਸਪੱਸ਼ਟ ਕੀਤਾ ਕਿ ਆਸਟ੍ਰੇਲੀਆ ਅਸਲ ਪੜ੍ਹਾਈ ਕਰਨ ਆਉਣ ਵਾਲੇ ਵਿਦਿਆਰਥੀਆਂ ਦਾ ਹਮੇਸ਼ਾ ਸਵਾਗਤ ਕਰਦਾ ਹੈ, ਪਰ ਸਿੱਖਿਆ ਪ੍ਰਣਾਲੀ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਇਸ ਫੈਸਲੇ ਨਾਲ ਪਹਿਲਾਂ ਤੋਂ ਪੜ੍ਹ ਰਹੇ ਸਟੂਡੈਂਟਸ ’ਤੇ ਕੋਈ ਮਾੜਾ ਅਸਰ ਨਹੀਂ ਪਵੇਗਾ ਅਤੇ ਉਹ ਆਪਣੀ ਪੜ੍ਹਾਈ ਪੂਰੀ ਕਰ ਸਕਣਗੇ, ਪਰ ਸਾਰੇ ਸਿੱਖਿਆ ਅਦਾਰਿਆਂ ਅਤੇ ਏਜੰਟਾਂ ਨੂੰ ਨਵੇਂ ਇੰਟਰਨੈਸ਼ਨਲ ਸਟੂਡੈਂਟਸ ਭਰਤੀ ਕਰਨ ਤੋਂ ਸਖ਼ਤੀ ਨਾਲ ਰੋਕ ਦਿੱਤਾ ਗਿਆ ਹੈ। Labor ਸਰਕਾਰ ਦਾ ਮੁੱਖ ਮਕਸਦ ਨੈੱਟ ਓਵਰਸੀਜ਼ ਮਾਈਗ੍ਰੇਸ਼ਨ (NOM) ਨੂੰ ਘਟਾਉਣਾ ਹੈ। ਸਾਲਾਨਾ ਮਾਈਗ੍ਰੇਸ਼ਨ ਨੂੰ 3 ਲੱਖ ਤੋਂ ਘਟਾ ਕੇ 2.25 ਲੱਖ ‘ਤੇ ਲਿਆਉਣ ਲਈ ਸਰਕਾਰ ਨੇ ਹੁਣ ਹਰ ਉਹ ਚੋਰ-ਮੋਰੀ ਬੰਦ ਕਰਨੀ ਸ਼ੁਰੂ ਕਰ ਦਿੱਤੀ ਹੈ ਜਿੱਥੋਂ ਲੋਕ ਵੀਜ਼ਾ ਲੰਬਾ ਖਿੱਚਦੇ ਸਨ।
